ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿੰਡ ਫਰਵਾਹੀ ਵਿਖੇ ਥ੍ਰੀ-ਵ੍ਹੀਲਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ੁਗਨ ਖਰਵਾਰ ਉਰਫ਼ ਅਜੈ ਆਪਣੇ ਦੋਸਤ ਰਾਮ ਲਾਲ ਵਾਸੀ ਬਿਸੀਟ ਖਰਵਾਰ ਵਾਸੀ ਦੁਬੇ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਹਾਲ ਇੰਡੀਆ ਪੋਲਟਰੀ ਫਾਰਮ ਬਠਿੰਡਾ ਬਾਈਪਾਸ ਬਰਨਾਲਾ ਨਾਲ ਘਰ ਜ਼ਰੂਰੀ ਸਾਮਾਨ ਲੈਣ ਲਈ ਪਿੰਡ ਫਰਵਾਹੀ ਵਿਖੇ ਗਏ ਸੀ।
ਜਦ ਉਹ ਵਾਪਸ ਸਾਮਾਨ ਲੈ ਕੇ ਬਰਨਾਲਾ ਵੱਲ ਆ ਰਹੇ ਸੀ ਤਾਂ ਰਸਤੇ ’ਚ ਅੱਖਾਂ ’ਚ ਤੇਜ਼ ਲਾਈਟਾਂ ਪੈਣ ਕਾਰਨ ਮੋਟਰਸਾਈਕਲ ਥ੍ਰੀ-ਵ੍ਹੀਲਰ ਨਾਲ ਟੱਕਰਾ ਗਿਆ। ਇਸ ਹਾਦਸੇ ’ਚ ਮੋਟਰਸਾਈਕਲ ’ਤੇ ਸਵਾਰ ਸ਼ੁਗਨ ਖਰਵਾਰ ਉਰਫ਼ ਅਜੈ ਤੇ ਰਾਮ ਲਾਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਸ਼ੁਗਨ ਖਰਵਾਰ ਉਰਫ਼ ਅਜੈ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਬੇਟੇ ਵਿੱਕੀ ਸਿੰਘ ਵਾਸੀ ਰਾਜਿੰਦਰ ਪੁਰਾ ਕੋਠੇ ਧਨੌਲਾ ਨੇ ਕਿਹਾ ਕਿ ਇਹ ਹਾਦਸਾ ਅੱਖਾਂ ’ਚ ਲਾਈਟਾਂ ਪੈਣ ਕਰ ਕੇ ਕੁਦਰਤੀ ਵਾਪਰਿਆ ਹੈ। ਇਸ ’ਚ ਥ੍ਰੀ-ਵ੍ਹੀਲਰ ਚਾਲਕ ਦਾ ਕੋਈ ਕਸੂਰ ਨਹੀਂ ਹੈ ਤੇ ਮੇਰਾ ਪਰਿਵਾਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਬੇਟੇ ਵਿੱਕੀ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ ਹੈਰੋਇਨ ਤੇ 1 ਕਿਲੋ ਆਈਸ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY