ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਦੇਸ਼ ਅਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਪੈਰਾ-ਐਥਲੀਟ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਕੇ ਸੜਕਾਂ 'ਤੇ ਪ੍ਰੋਟੈਸਟ ਕਰਨ ਲਈ ਮਜ਼ਬੂਰ ਹਨ। ਇਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬਾਮ ਦੇ ਰਹਿਣ ਵਾਲੇ ਪੈਰਾ-ਖਿਡਾਰੀ ਬਲਜਿੰਦਰ ਸਿੰਘ ਤੋਂ ਮਿਲਦੀ ਹੈ, ਜੋ ਵ੍ਹੀਲਚੇਅਰ ਕੈਟਾਗਰੀ ਵਿਚ ਦੇਸ਼ ਲਈ ਕਈ ਮੈਡਲ ਜਿੱਤ ਚੁੱਕਾ ਹੈ, ਪਰ ਅੱਜ ਵੀ ਸਰਕਾਰੀ ਨੌਕਰੀ ਅਤੇ ਬੁਨਿਆਦੀ ਖੇਡ ਸਹੂਲਤਾਂ ਲਈ ਤਰਸ ਰਹੇ ਹਨ।
ਹਾਦਸੇ ਤੋਂ ਬਾਅਦ ਵੀ ਨਹੀਂ ਹਾਰੀ ਹਿੰਮਤ, ਬਣਾਇਆ ਵਿਸ਼ਵ ਰਿਕਾਰਡ
ਬਲਜਿੰਦਰ ਸਿੰਘ ਬਚਪਨ ਤੋਂ ਹੀ ਖੇਡਾਂ ਨਾਲ ਜੁੜੇ ਹੋਇਆ ਹੈ। ਸਾਲ 2011 ਵਿਚ ਇਕ ਮੰਦਭਾਗੇ ਹਾਦਸੇ ਦੌਰਾਨ ਸੱਟ ਲੱਗਣ ਕਾਰਨ ਉਹ ਪੂਰੀ ਤਰ੍ਹਾਂ ਬੈੱਡ 'ਤੇ ਆ ਗਿਆ ਸੀ। ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪੈਰਾ-ਓਲੰਪਿਕ ਖੇਡਾਂ ਬਾਰੇ ਪਤਾ ਲੱਗਣ 'ਤੇ 2016 ਤੋਂ ਵ੍ਹੀਲਚੇਅਰ 'ਤੇ ਬੈਠ ਕੇ ਦੁਬਾਰਾ ਖੇਡਣਾ ਸ਼ੁਰੂ ਕੀਤਾ। ਆਪਣੀ ਮਿਹਨਤ ਸਦਕਾ ਉਸ ਨੇ ਨੈਸ਼ਨਲ ਲੈਵਲ (ਡਿਸਕਸ ਥਰੋਅ) ਵਿਚ ਪੰਜਾਬ ਲਈ ਗੋਲਡ ਮੈਡਲ ਜਿੱਤਿਆ। ਹਾਲ ਹੀ ਵਿਚ ਬੰਗਲੌਰ ਵਿਖੇ ਹੋਏ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਨੇ ਵਿਸ਼ਵ ਰੈਂਕਿੰਗ ਵਿਚ ਚੌਥਾ ਅਤੇ ਏਸ਼ੀਆ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਗੂਗਲ 'ਤੇ ਵਰਲਡ ਰਿਕਾਰਡ ਰੈਂਕਿੰਗ ਵਿਚ ਵੀ ਉਸਦਾ ਨਾਮ ਬਲਜਿੰਦਰ ਸਿੰਘ (ਇੰਡੀਆ) ਵਜੋਂ ਦਰਜ ਹੈ ਅਤੇ ਉਹ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕਰ ਚੁੱਕਾ ਹੈ।
ਮੁਸ਼ਕਿਲ ਹਾਲਾਤਾਂ ਵਿਚ 25 ਬੱਚਿਆਂ ਨੂੰ ਦੇ ਰਿਹਾ ਹੈ ਮੁਫ਼ਤ ਟ੍ਰੇਨਿੰਗ
ਬਲਜਿੰਦਰ ਸਿੰਘ ਬਾਮ ਨੇ ਦੱਸਿਆ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਪੱਕਾ ਗਰਾਊਂਡ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਮਿਲ ਰਹੀ ਹੈ। ਇਸ ਦੇ ਬਾਵਜੂਦ ਉਹ ਪੂਰੇ ਪੰਜਾਬ ਦੇ ਲਗਭਗ 20 ਤੋਂ 25 ਦਿਵਿਆਂਗ ਬੱਚਿਆਂ ਨੂੰ ਆਨਲਾਈਨ ਅਤੇ ਆਫਲਾਈਨ ਮੁਫ਼ਤ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੇ ਸਿਖਾਏ ਹੋਏ ਬੱਚੇ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਰਹੇ ਹਨ।
ਬਲਜਿੰਦਰ ਸਿੰਘ ਬਾਮ ਨੇ ਭਰੇ ਮਨ ਨਾਲ ਕਿਹਾ ਕਿ "ਸਾਡਾ ਮੁਕਾਬਲਾ ਉਨ੍ਹਾਂ ਬਾਹਰਲੇ ਦੇਸ਼ਾਂ ਜਾਂ ਦੂਜੇ ਸੂਬਿਆਂ ਦੇ ਖਿਡਾਰੀਆਂ ਨਾਲ ਹੁੰਦਾ ਹੈ ਜਿਨ੍ਹਾਂ ਨੂੰ ਸਰਕਾਰਾਂ ਲੱਖਾਂ ਰੁਪਏ ਦੀਆਂ ਸਹੂਲਤਾਂ ਦਿੰਦੀਆਂ ਹਨ। ਅਸੀਂ ਸਿਰਫ਼ ਆਪਣੇ ਹੌਸਲੇ ਅਤੇ ਜਜ਼ਬੇ ਨਾਲ ਮੈਡਲ ਜਿੱਤਦੇ ਹਾਂ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਰਕਾਰਾਂ ਕਰੋੜਾਂ ਰੁਪਏ ਲਾ ਕੇ ਸਟੇਡੀਅਮ ਤਾਂ ਬਣਾ ਰਹੀਆਂ ਹਨ, ਪਰ ਜੇਕਰ ਸਾਡੇ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਹੀ ਰੁਜ਼ਗਾਰ ਨਹੀਂ ਮਿਲੇਗਾ, ਤਾਂ ਨਵੇਂ ਬੱਚੇ ਸਟੇਡੀਅਮਾਂ ਵੱਲ ਕਿਵੇਂ ਆਉਣਗੇ?"
ਸੀ.ਐੱਮ. ਹਾਊਸ ਤੋਂ ਮਿਲ ਰਹੇ ਨੇ ਸਿਰਫ਼ 'ਲਾਰੇ'
ਖਿਡਾਰੀ ਅਨੁਸਾਰ ਉਹ 2016 ਤੋਂ ਲੈ ਕੇ ਹੁਣ ਤੱਕ ਹਰੇਕ ਸਰਕਾਰ ਵੇਲੇ ਮੁੱਖ ਮੰਤਰੀ ਹਾਊਸ ਦੇ ਗੇੜੇ ਕੱਟ ਚੁੱਕੇ ਹਨ। ਹਰ ਵਾਰ ਐਪਲੀਕੇਸ਼ਨ ਦੇਣ 'ਤੇ ਸਿਰਫ਼ ਭਰੋਸਾ ਦਿੱਤਾ ਜਾਂਦਾ ਹੈ, ਪਰ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਪਰਸੋਂ ਵੀ ਉਹ ਚੰਡੀਗੜ੍ਹ ਸੀਐਮ ਹਾਊਸ ਗਏ ਸਨ, ਜਿੱਥੇ ਓਐਸਡੀ ਵੱਲੋਂ ਮੰਗ ਪੱਤਰ ਤਾਂ ਲੈ ਲਿਆ ਗਿਆ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
ਸਮਾਜ ਸੇਵੀ ਅਤੇ ਐਡਵੋਕੇਟ ਅਨੁਰਾਗ ਸ਼ਰਮਾ ਨੇ ਚੁੱਕੀ ਆਵਾਜ਼
ਇਸ ਮੌਕੇ ਖਿਡਾਰੀ ਦੇ ਹੱਕ ਵਿੱਚ ਨਿੱਤਰੇ ਸਥਾਨਕ ਆਗੂ ਅਤੇ ਐਡਵੋਕੇਟ ਅਨੁਰਾਗ ਸ਼ਰਮਾ ਨੇ ਸਰਕਾਰ ਦੀ ਖੇਡ ਨੀਤੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ (ਜਿਵੇਂ ਹਰਿਆਣਾ) ਵਿਚ ਪੈਰਾ-ਓਲੰਪਿਕ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ, ਲੱਖਾਂ ਦੇ ਇਨਾਮ, ਕੋਚ ਅਤੇ ਹਵਾਈ ਸਫ਼ਰ ਲਈ ਹੈਲਪਰ ਤੱਕ ਦਿੱਤੇ ਜਾਂਦੇ ਹਨ, ਜਦਕਿ ਪੰਜਾਬ ਵਿਚ ਅੰਤਰਰਾਸ਼ਟਰੀ ਖਿਡਾਰੀ ਠੋਕਰਾਂ ਖਾ ਰਹੇ ਹਨ।
ਐਡਵੋਕੇਟ ਸ਼ਰਮਾ ਨੇ ਪੰਜਾਬ ਦੇ ਖੇਡ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਅੱਗੇ ਅਪੀਲ ਕਰਦਿਆਂ ਕਿਹਾ ਕਿ ਇਹ ਕੋਈ ਸਿਆਸੀ ਮੁਦਾ ਨਹੀਂ, ਬਲਕਿ ਇਨਸਾਨੀਅਤ ਦਾ ਫ਼ਰਜ਼ ਹੈ। ਪੰਜਾਬ ਵਿਚ ਅਜਿਹੇ ਲਗਭਗ 35 ਪੈਰਾ-ਖਿਡਾਰੀ ਹਨ ਜੋ ਬਹੁਤ ਮਾੜੇ ਹਾਲਾਤਾਂ ਵਿਚ ਜੀ ਰਹੇ ਹਨ। ਸਰਕਾਰ ਤੁਰੰਤ ਬਲਜਿੰਦਰ ਸਿੰਘ ਬਾਮ ਅਤੇ ਹੋਰ ਅਜਿਹੇ ਖਿਡਾਰੀਆਂ ਨੂੰ ਯੋਗਤਾ ਦੇ ਹਿਸਾਬ ਨਾਲ ਸਰਕਾਰੀ ਨੌਕਰੀ ਦੇਵੇ, ਉਨ੍ਹਾਂ ਦੀ ਡਾਈਟ ਦਾ ਪ੍ਰਬੰਧ ਕਰੇ, ਵ੍ਹੀਲਚੇਅਰ ਖਿਡਾਰੀਆਂ ਲਈ ਹੈਲਪਰ ਮੁਹੱਈਆ ਕਰਵਾਏ ਅਤੇ ਪਿੰਡ ਬਾਂਮ ਵਿਖੇ ਇਕ ਵਧੀਆ ਖੇਡ ਸਟੇਡੀਅਮ ਤਿਆਰ ਕਰਕੇ ਦੇਵੇ।
ਪੰਜਾਬ ਦਾ ਇਹ ਵੱਡਾ ਸ਼ਹਿਰ ਕਰਵਾਇਆ ਗਿਆ ਬੰਦ, ਜਾਣੋ ਕੀ ਹੈ ਪੂਰਾ ਮਾਮਲਾ
NEXT STORY