ਬਠਿੰਡਾ : ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਧਿਆਨ ਸਿੰਘ ਮੰਡ ਵਲੋਂ 20 ਦਸੰਬਰ ਨੂੰ ਰੱਖੀ ਗਈ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਬਰਗਾੜੀ ਮੋਰਚਾ ਚੁੱਕੇ ਜਾਣ ਤੋਂ ਬਾਅਦ ਨਾਰਾਜ਼ ਚੱਲ ਰਹੇ ਭਾਈ ਦਾਦੂਵਾਲ ਨੇ ਕਿਹਾ ਕਿ ਮੋਰਚੇ ਦੀ ਅਗਵਾਈ ਵੇਲੇ ਮੈਨੂੰ ਭਰੋਸੇ 'ਚ ਲਿਆ ਗਿਆ ਸੀ ਪਰ ਖਤਮ ਕਰਨ ਵੇਲੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਗਈ ਅਤੇ ਜਥੇਦਾਰ ਮੰਡ ਨੇ ਜਲਬਾਜ਼ੀ ਵਿਚ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਦਾਦੂਵਾਲ ਨੇ ਕਿਹਾ ਕਿ ਜਥੇਦਾਰ ਮੰਡ ਦੇ ਫੈਸਲੇ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦਾਦੂਵਾਲ ਨੇ ਕਿਹਾ ਕਿ 18 ਤਾਰੀਕ ਨੂੰ ਜਥੇਦਾਰ ਬੂਟਾ ਸਿੰਘ ਰਣਸੀਹ ਵਲੋਂ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਇਸ ਸਾਰੇ ਮਾਮਲੇ ਦੀ ਸਮੀਖਿਆ ਲਈ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਉਹ ਜ਼ਰੂਰ ਸ਼ਾਮਲ ਹੋਣਗੇ ਪਰ ਜਥੇਦਾਰ ਧਿਆਨ ਸਿੰਘ ਮੰਡ ਵਲੋਂ 20 ਦਸੰਬਰ ਨੂੰ ਬੁਲਾਈ ਗਈ ਮੀਟਿੰਗ ਵਿਚ ਉਹ ਨਹੀਂ ਜਾਣਗੇ।
ਇਸ ਦੌਰਾਨ ਖੁਲਾਸਾ ਕਰਦਿਆਂ ਭਾਈ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਧਿਆਨ ਸਿੰਘ ਵਲੋਂ ਪੰਥਕ ਜਥੇਬੰਦੀਆਂ ਦੇ ਆਗੂ ਮੇਰੇ ਨਾਲ ਮੁਲਾਕਾਤ ਕਰਨ 15 ਤਾਰੀਕ ਦੀ ਸ਼ਾਮ ਨੂੰ ਆਏ ਸਨ ਜਦਕਿ 16 ਤਾਰੀਕ ਨੂੰ ਜਥੇਦਾਰ ਮੰਡ ਆਪ ਮੁਲਾਕਾਤ ਕਰਨ ਆਏ ਸਨ। ਦਾਦੂਵਾਲ ਨੇ ਕਿਹਾ ਕਿ ਹੁਣ ਜਥੇਦਾਰ ਮੰਡ ਵੀ ਮਹਿਸੂਸ ਕਰ ਰਹੇ ਹਨ ਕਿ ਮੋਰਚਾ ਚੁੱਕਣ ਵਿਚ ਜਲਦਬਾਜ਼ੀ ਕੀਤੀ ਗਈ ਹੈ ਅਤੇ ਉਨ੍ਹਾਂ ਆਪਣੀ ਗਲਤੀ ਵੀ ਮੰਨੀ ਹੈ ਪਰ ਮੇਰਾ ਰੋਸ ਅਜੇ ਵੀ ਜਿਉਂ ਦਾ ਤਿਉਂ ਹੈ, ਇਸ ਲਈ ਮੈਂ 20 ਤਾਰੀਕ ਵਾਲੀ ਮੀਟਿੰਗ ਵਿਚ ਨਹੀਂ ਜਾਵਾਂਗਾ।
ਇਸ ਦੇ ਨਾਲ ਭਾਈ ਦਾਦੂਵਾਲ ਨੇ ਸੱਜਣ ਕੁਮਾਰ 'ਤੇ ਆਏ ਅਦਾਲਤ ਦੇ ਫੈਸਲਾ ਦਾ ਸਵਾਗਤ ਕੀਤਾ ਹੈ। ਦਾਦੂਵਾਲ ਨੇ ਕਿਹਾ ਕਿ 1984 ਵਿਚ ਹੋਇਆ ਘਟਨਾਕ੍ਰਮ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਵਿਚ ਅਨੇਕਾਂ ਸਿੱਖਾਂ ਦਾ ਬੇਰਹਿਮੀ ਦਾ ਕਤਲ ਕਰ ਦਿੱਤਾ ਗਿਆ। ਦਾਦੂਵਾਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸਿੱਖ ਕਤਲੇਆਮ ਵਿਚ ਦੋਸ਼ੀ ਹੈ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਦਾਦੂਵਾਲ ਨੇ ਨਵੇਂ ਬਣੇ ਅਕਾਲੀ ਦਲ ਟਕਸਾਲੀ ਦਾ ਵੀ ਸਵਾਗਤ ਕੀਤਾ ਹੈ। ਦਾਦੂਵਾਲ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਕੋਈ ਵੀ ਅੱਗੇ ਆਉਂਦਾ ਹੈ ਤਾਂ ਅਸੀਂ ਉਸ ਦਾ ਸਾਥ ਦੇਣ ਲਈ ਤਿਆਰ ਹਾਂ।
ਧੁੰਦ ਕਾਰਨ ਆਪਸ 'ਚ ਟਕਰਾਏ ਵਾਹਨ, 8 ਜ਼ਖਮੀ
NEXT STORY