ਜਲੰਧਰ, (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਕਾਇਤ ਮਿਲਦਿਆਂ ਹੀ ਤੁਰੰਤ ਐਕਸ਼ਨ ਲੈ ਰਹੇ ਹਨ। ਇਸ ਦੀ ਮਿਸਾਲ ਫਾਇਰਿੰਗ ਸਾਊਂਡ ਬਾਈਕਰਜ਼ ’ਤੇ (ਗੋਲੀ ਦੀ ਆਵਾਜ਼ ਵਾਲੇ ਬੁਲੇਟ ਮੋਟਰਸਾਈਕਲ) ਮੁੱਖ ਮੰਤਰੀ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਮਨ ਦੱਤ ਵਲੋਂ ਉਠਾਏ ਗਏ ਮਾਮਲੇ ਤੇ 3 ਮਹੀਨਿਆਂ ਵਿਚ ਹੀ ਐਕਸ਼ਨ ਲੈਣ ਤੋਂ ਪਤਾ ਲਗਦਾ ਹੈ। ਪੰਜਾਬ ਦੇ ਆਬੋ ਹਵਾ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮੰਤਰੀ ਕੋਲੋਂ ਨਿਰਦੇਸ਼ ਮਿਲਣ ਤੋਂ ਬਾਅਦ ਬੁਲੇਟ ਨਾਲ ਪਟਾਕੇ ਚਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਚਲਾ ਉਂਦੇ ਮੋਟਰਸਾਈਕਲ ਸਵਾਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਜੋ ਆਵਾਜ਼ ਪ੍ਰਦੂਸ਼ਣ ’ਤੇ ਰੋਕ ਲਾਈ ਜਾ ਸਕੇ।
ਰਮਨ ਦੱਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖਾਸ ਮੁਲਾਕਾਤ ਕਰ ਕੇ ਉਨ੍ਹਾਂ ਦੇ ਧਿਆਨ ਵਿਚ ਇਹ ਮੁੱਦਾ ਲਿਆਂਦਾ ਸੀ ਕਿ ਬਾਈਕਰਜ਼ ਸ਼ਹਿਰਾਂ ਵਿਚ ਤੇਜ਼ ਰਫਤਾਰ ਨਾਲ ਬਾਈਕ ਚਲਾਉਂਦਿਆਂ ਗੋਲੀ ਜਿਹੀ ਆਵਾਜ਼ ਬਾਈਕ ਤੋਂ ਕੱਢਦੇ ਹਨ। ਅਜਿਹੇ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਗੋਲੀ ਜਿਹੀ ਤੇਜ਼ ਆਵਾਜ਼ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਬਜ਼ੁਰਗ ਵਿਅਕਤੀ ਅਚਾਨਕ ਘਬਰਾ ਜਾਂਦਾ ਹੈ ਅਤੇ ਘਬਰਾਹਟ ਵਿਚ ਕਈ ਵਾਰ ਜਾਂ ਤਾਂ ਸੜਕ ’ਤੇ ਚਲਦੇ ਸਮੇਂ ਕੋਈ ਹਾਦਸਾ ਹੋ ਜਾਂਦਾ ਹੈ ਜਾ ਫਿਰ ਬਜ਼ੁਰਗ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਜ਼ਰੂਰੀ ਸੀ ਕਿ ਪੰਜਾਬ ਸਰਕਾਰ ਬੁਲੇਟ ਨਾਲ ਪਟਾਕੇ ਚਲਾਉਣ ਵਾਲਿਆਂ ’ਤੇ ਕਾਨੂੰਨੀ ਸ਼ਿਕੰਜਾ ਕੱਸੇ।
ਮੁੱਖ ਮੰਤਰੀ ਨੇ ਮੰਗ-ਪੱਤਰ ਲੈਣ ਤੋਂ ਬਾਅਦ ਪਹਿਲਾਂ ਤਾਂ ਇਸ ਨੂੰ ਧਿਆਨ ਨਾਲ ਪੜ੍ਹਿਆ ਅਤੇ ਫਿਰ ਇਸਨੂੰ ਆਪਣੇ ਪ੍ਰਿੰਸੀਪਲ ਸੈਕਰੇਟਰੀ ਨੂੰ ਸੌਂਪਦਿਆਂ ਇਸ ’ਤੇ ਸਰਕਾਰੀ ਨੀਤੀ ਬਣਾਉਣ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਹੁਣ ਆਬੋ ਹਵਾ ਮੰਤਰੀ ਸੋਨੀ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਵਾਹਨਾਂ ’ਤੇ ਤੇਜ਼ ਚਮਕੀਲੀਆਂ ਲਾਈਟਾਂ ਲਾਉਣ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇ। ਆਉਣ ਵਾਲੇ ਦਿਨਾਂ ਵਿਚ ਸਰਕਾਰ ਇਸ ਮਾਮਲੇ ’ਤੇ ਸੂਬੇ ਦੇ ਪੁਲਸ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀ ਹੈ ਕਿਉਂਕਿ ਚਮਕੀਲੀਆਂ ਲਾਈਟਾਂ ਦਾ ਦੂਜੇ ਪਾਸੇ ਆ ਰਹੇ ਵਾਹਨ ਚਾਲਕਾਂ ਦੀਆਂ ਅੱਖਾਂ ’ਤੇ ਉਲਟ ਅਸਰ ਪੈਂਦਾ ਹੈ। ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆਏ। ਮੁੱਖ ਮੰਤਰੀ ਵਲੋਂ ਤੇਜ਼ ਆਵਾਜ਼ ਵਿਚ ਵਾਹਨਾਂ ਵਿਚ ਮਿਊਜ਼ਕ ਵਜਾਉਣ ਵਾਲਿਆਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਕਾਰ ਬਾਜ਼ਾਰ ਦਾ ਮਾਮਲਾ ਫਿਰ ਲਟਕਿਆ, ਮੇਅਰ ਨੇ ਬਣਾਈ ਕਮੇਟੀ
NEXT STORY