ਬਟਾਲਾ (ਬੇਰੀ) : ਬਟਾਲਾ ਦੇ ਨਜ਼ਦੀਕੀ ਪਿੰਡ ਜੈਤੋਸਰਜਾ ਸਥਿਤ ਆਈ.ਡੀ.ਬੀ.ਆਈ ਬੈਂਕ ਬ੍ਰਾਂਚ ਜੈਤੋਸਰਜਾ ਤੋਂ ਅੱਜ ਦਿਨ-ਦਿਹਾੜੇ ਹਥਿਆਰਬੰਦ ਨਕਾਬਪੋਸ਼ਾਂ ਵਲੋਂ 26 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਡੀ.ਬੀ.ਆਈ ਬੈਂਕ ਬ੍ਰਾਂਚ ਜੈਤੋਸਰਜਾ ਦੇ ਸਹਾਇਕ ਮੈਨੇਜਰ ਇਸ਼ਾਨ ਮਹਾਜਨ ਤੇ ਪ੍ਰਕਾਸ਼ ਰੰਜਿਤ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਬੈਂਕ 'ਚ ਸਾਰੇ ਮੁਲਾਜ਼ਮ ਆਪਣਾ-ਆਪਣਾ ਕੰਮ ਕਰ ਰਹੇ ਸਨ ਕਿ ਦੁਪਹਿਰ 1ਵਜੇ ਦੇ ਕਰੀਬ ਇਕ ਗੱਡੀ ਬੈਂਕ ਦੇ ਬਾਹਰ ਆ ਕੇ ਰੁਕੀ ਅਤੇ ਉਸ 'ਚ ਸਵਾਰ 4 ਨੌਜਵਾਨ ਹਥਿਆਰਾਂ ਸਮੇਤ ਬੈਂਕ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਸਾਰੇ ਸਟਾਫ ਨੂੰ ਘੇਰਾ ਪਾ ਲਿਆ। ਉਕਤ ਬੈਂਕ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਬੈਂਕ ਦੀ ਮੇਨ ਤਿਜੌਰੀ 'ਚ ਪਏ 26 ਲੱਖ ਰੁਪਏ ਤੇ ਸਾਰੇ ਅਧਿਕਾਰੀਆਂ ਦੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ ਜਦਕਿ ਇਕ ਅਧਿਕਾਰੀ ਦਾ ਮੋਬਾਇਲ ਉਥੇ ਹੀ ਛੱਡ ਗਏ। ਇਸ ਉਪਰੰਤ ਉਨ੍ਹਾਂ ਨੇ ਪੁਲਸ ਥਾਣਾ ਰੰਗੜ ਨੰਗਲ ਨੂੰ ਉਕਤ ਫੋਨ ਤੋਂ ਲੁੱਟ ਸਬੰਧੀ ਸੂਚਨਾ ਦਿੱਤੀ।
ਆਈ.ਜੀ ਪਰਮਾਰ, ਐੱਸ.ਐੱਸ.ਪੀ ਘੁੰਮਣ ਸਮੇਤ ਪੁਲਸ ਅਧਿਕਾਰੀਆਂ ਨੇ ਵੀ ਲਿਆ ਜਾਇਜ਼ਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਰੰਗੜ ਨੰਗਲ ਹਰਿਕ੍ਰਿਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਆਪਣੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ 'ਤੇ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ, ਐੱਸ.ਪੀ.ਡੀ ਬਲਜੀਤ ਸਿੰਘ ਢਿੱਲੋਂ, ਐੱਸ.ਪੀ. ਇਨਵੈੱਸਟੀਗੇਸ਼ਨ ਸੂਬਾ ਸਿੰਘ, ਡੀ.ਐੱਸ.ਪੀ. ਸਿਟੀ ਪ੍ਰਹਿਲਾਦ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਵਰਿੰਦਰਪ੍ਰੀਤ ਸਿੰਘ, ਸੀ.ਆਈ.ਏ ਸਟਾਫ ਦੇ ਏ.ਐੱਸ.ਆਈ ਦਲਜੀਤ ਸਿੰਘ ਤੇ ਏ.ਐੱਸ.ਆਈ ਜਗਤਾਰ ਸਿੰਘ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਜਦਕਿ ਬ੍ਰਾਂਚ ਮੈਨੇਜਰ ਚੰਦਰ ਸ਼ੇਖਰ ਬਟਾਲਾ ਕਿਸੇ ਕੰਮ ਲਈ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਸਾਰੀ ਘਟਨਾ ਨੇੜੇ ਸਥਿਤ ਨਰਸਿੰਗ ਕਾਲਜ ਦੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਜਦਕਿ ਹਥਿਆਰਬੰਦ ਨਕਾਬਪੋਸ਼ ਬੈਂਕ ਲੁੱਟਣ ਤੋਂ ਬਾਅਦ ਜਾਂਦੇ-ਜਾਂਦੇ ਬੈਂਕ 'ਚ ਲੱਗੇ ਕੈਮਰੇ ਤੇ ਡੀ.ਵੀ.ਆਰ ਵੀ ਨਾਲ ਲੈ ਗਏ।
ਬੈਂਕ ਅਧਿਕਾਰੀਆਂ ਦੀ ਲਾਪ੍ਰਵਾਹੀ ਆਈ ਸਾਹਮਣੇ
ਉਕਤ ਬੈਂਕ ਤੋਂ 26 ਲੱਖ ਰੁਪਏ ਲੁੱਟ ਲਏ ਜਾਣ ਦੀ ਬਹੁਤ ਵੱਡੀ ਵਾਰਦਾਤ ਬੈਂਕ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦੇ ਚੱਲਦਿਆਂ ਹੋਈ ਮੰਨ ਲਈ ਜਾਵੇ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੋਵੇਗਾ ਕਿਉਂਕਿ ਬੈਂਕ ਅਧਿਕਾਰੀਆਂ ਨੇ ਬੈਂਕ ਦੇ ਲਈ ਕੋਈ ਸਕਿਓਰਟੀ ਗਾਰਡ ਨਹੀਂ ਰੱਖਿਆ ਹੋਇਆ ਅਤੇ ਜੇਕਰ ਸਕਿਓਰਟੀ ਗਾਰਡ ਰੱਖਿਆ ਹੁੰਦਾ ਤਾਂ ਸ਼ਾਇਦ ਇੰਨੀਂ ਵੱਡੀ ਲੁੱਟ ਦੀ ਵਾਰਦਾਤ ਨਾ ਹੁੰਦੀ।
ਇਸ ਸਬੰਧੀ ਬ੍ਰਾਂਚ ਮੈਨੇਜਰ ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਜੋ ਮੈਨੇਜਰ ਸਨ, ਉਨ੍ਹਾਂ ਕਈ ਵਾਰ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਗਾਰਡ ਰੱਖਣ ਲਈ ਲਿਖਤੀ ਤੌਰ 'ਤੇ ਕਿਹਾ ਸੀ ਪਰ ਬੈਂਕ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੁਲਸ ਨੇ ਢਾਬਿਆਂ 'ਤੇ ਛਾਪੇਮਾਰੀ ਕਰਕੇ ਸ਼ਰਾਬ ਪੀਂਦੇ 12 ਫੜ੍ਹੇ
NEXT STORY