ਬਰਨਾਲਾ (ਵਿਵੇਕ ਸਿੰਧਵਾਨੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਤੇ ਮੈਂਬਰ ਰਾਜਸਭਾ ਸੁਖਦੇਵ ਸਿੰਘ ਢੀਂਡਸਾ ਨੂੰ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਚ ਲੋਕਾਂ ਦਾ ਵੱਡੇ ਪੱਧਰ 'ਤੇ ਮਿਲ ਰਿਹਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਸੰਗਰੂਰ ਅਤੇ ਬਰਨਾਲਾ ਵਿਚ ਪਿਛਲੇ ਕਰੀਬ 15 ਸਾਲਾਂ ਤੋਂ ਸੁਖਦੇਵ ਸਿੰਘ ਢੀਂਡਸਾ ਦਾ ਪੂਰਾ ਪਰਿਵਾਰ ਲੋਕਾਂ ਵਿਚ ਵਿਚਰਦੇ ਰਿਹਾ ਹੈ ਤੇ ਦੋਹਾਂ ਜ਼ਿਲਿਆਂ ਦੇ ਲੋਕਾਂ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਹੈ, ਜਿਸ ਕਾਰਨ ਇਨ੍ਹਾਂ ਜ਼ਿਲਿਆਂ ਦੇ ਲੋਕ ਸਿੱਧੇ ਤੌਰ 'ਤੇ ਸ੍ਰ.ਢੀਂਡਸਾ ਨਾਲ ਜੁੜੇ ਹੋਏ ਹਨ। ਇਹੀ ਕਾਰਨ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤੀ ਸੁਰਾਂ ਅਖਤਿਆਰ ਕਰਨ ਤੋਂ ਬਾਅਦ ਜਦੋਂ ਸੁਖਦੇਵ ਸਿੰਘ ਢੀਂਡਸਾ ਪਹਿਲੀ ਵਾਰ ਆਪਣੀ ਸੰਗਰੂਰ ਸਥਿਤ ਰਿਹਾਇਸ਼ 'ਤੇ ਪੁੱਜੇ ਸਨ ਤਾਂ ਉਥੇ ਰਖੀ ਵਰਕਰ ਮੀਟਿੰਗ ਇਕ ਰੈਲੀ ਦਾ ਰੂਪ ਧਾਰਨ ਕਰ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਵਿਚੋਂ ਪਹਿਲਾਂ ਵੀ ਕਈ ਮੂਹਰਲੀ ਕਤਾਰ ਦੇ ਲੀਡਰ ਬਾਹਰ ਗਏ ਹਨ ਤੇ ਉਨ੍ਹਾਂ ਦਾ ਡਟਵਾਂ ਵਿਰੋਧ ਵੀ ਹੋਇਆ ਹੈ ਪਰ ਢੀਂਡਸਾ ਦਾ ਦੋਵਾਂ ਜ਼ਿਲਿਆਂ ਵਿਚ ਵਿਰੋਧ ਕਰਨ ਤੋਂ ਵੀ ਅਕਾਲੀ ਲੀਡਰ ਕੰਨੀ ਕਤਰਾ ਰਹੇ ਹਨ। ਇੱਕਾ-ਦੁੱਕਾ ਲੀਡਰਾਂ ਨੂੰ ਛੱਡ ਕੇ ਹੋਰ ਕਿਸੇ ਲੀਡਰ ਦਾ ਢੀਂਡਸਾ ਦੇ ਵਿਰੋਧ ਵਿਚ ਕੋਈ ਅਖਬਾਰੀ ਬਿਆਨ ਵੀ ਜਾਰੀ ਨਹੀਂ ਹੋਇਆ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਬਰਨਾਲਾ ਤੇ ਸੰਗਰੂਰ ਦੀ ਅਕਾਲੀ ਲੀਡਰਸ਼ਿਪ ਦੀ ਬਾਦਲ ਪਿੰਡ ਫੇਰੀ ਪੁਆ ਕੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਇਨ੍ਹਾਂ ਦੋਵਾਂ ਜ਼ਿਲਿਆਂ ਵਿਚ ਉਹ ਖੁਦ ਕੰਮਕਾਰ ਵੇਖਣਗੇ ਤੇ ਕਿਸੇ ਵਰਕਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਢੀਂਡਸਾ ਦੇ ਹੱਕ ਵਿਚ ਜਿਸ ਤਰ੍ਹਾਂ ਲੋਕ ਆਪ ਮੁਹਾਰੇ ਹੋ ਕੇ ਨਿਤਰ ਰਹੇ ਹਨ। ਉਸ ਨੂੰ ਵੇਖ ਕੇ ਜਾਪਦਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੋਂ ਆਪਣਾ ਕੋਈ ਤਕੜਾ ਲੀਡਰ ਦੋਵਾਂ ਜ਼ਿਲਿਆਂ ਦਾ ਇੰਚਾਰਜ ਨਾ ਲਾਇਆ ਤਾਂ ਅਕਾਲੀ ਦਲ ਨੂੰ ਦੋਵਾਂ ਜ਼ਿਲਿਆਂ ਵਿਚੋਂ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਬੀਤੀ ਸ਼ਾਮ ਜ਼ਿਲਾ ਬਰਨਾਲਾ ਦੇ ਪ੍ਰਮੁੱਖ ਅਕਾਲੀ ਲੀਡਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸ੍ਰ.ਢੀਂਡਸਾ ਨਾਲ ਖੜਨ ਦਾ ਐਲਾਨ ਕਰ ਦਿੱਤਾ ਹੈ। ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਮਹਿਲਕਲਾਂ ਦੇ ਸਾਬਕਾ ਵਾਇਸ ਚੈਅਰਮੇਨ ਰੂਬਲ ਗਿੱਲ ਕੈਨੇਡਾ, ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੈਅਰਮੇਨ ਕਰਨੈਲ ਸਿੰਘ ਠੁੱਲੀਵਾਲ, ਮਾਰਕੀਟ ਕਮੇਟੀ ਮਹਿਲਕਲਾਂ ਦੇ ਸਾਬਕਾ ਚੈਅਰਮੇਨ ਅਜੀਤ ਸਿੰਘ ਕੁਤਬਾ ਦੀ ਅਗਵਾਈ ਹੇਠ ਸੈਂਕੜੇ ਦੀ ਗਿਣਤੀ ਵਿਚ ਅਕਾਲੀ ਆਗੂਆਂ ਨੇ ਢੀਂਡਸਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਐਲਾਨ ਕਰਦਿਆਂ ਜਲਦ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਜ਼ਿਲੇ ਵਿਖੇ ਬੁਲਾ ਕੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।
ਘਰ ਚਲਾਉਣ ਅਤੇ ਵਕੀਲਾਂ ਦੀ ਫ਼ੀਸ ਲਈ ਕਰਦੇ ਸਨ ਚੋਰੀ, 2 ਗ੍ਰਿਫ਼ਤਾਰ
NEXT STORY