ਬਠਿੰਡਾ(ਜ.ਬ.) : ਯੂਥ ਅਕਾਲੀ ਦਲ ਦੇ ਰਾਸ਼ਟਰੀ ਸਰਪ੍ਰਸਤ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਨੂੰ ਬਠਿੰਡਾ ਦੀ ਲਾਲ ਸਿੰਘ ਬਸਤੀ, ਅਮਰੀਕ ਸਿੰਘ ਰੋਡ, ਬੀੜ ਰੋਡ, ਸੁਰਖਪੀਰ ਰੋਡ, ਪ੍ਰਤਾਪ ਨਗਰ ਆਦਿ ਇਲਾਕਿਆਂ ਦਾ ਦੌਰਾ ਕਰ ਕੇ ਕਈ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਪ੍ਰਚਾਰ ਕੀਤਾ। ਉਹ ਆਪਣੀ ਭੈਣ ਹਰਸਿਮਰਤ ਕੌਰ ਲਈ ਬਠਿੰਡਾ 'ਚ ਦਿਨ-ਰਾਤ ਪ੍ਰਚਾਰ ਕਰ ਰਹੇ ਹਨ।
ਮਜੀਠੀਆ ਨੇ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਲੋਕਾਂ ਨੂੰ ਦਿਖਾ ਕੇ ਪੁੱਛਿਆ ਕਿ ਸਾਲ 2017 'ਚ ਮਨਪ੍ਰੀਤ ਬਾਦਲ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਸ 'ਚ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਮਨਪ੍ਰੀਤ ਬਾਦਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸਰਕਾਰ ਬਣੀ ਤਾਂ ਬੰਦ ਪਈਆਂ ਥਰਮਲ ਦੀਆਂ ਚਿਮਨੀਆਂ 'ਚੋਂ ਮੁੜ ਧੂੰਆਂ ਨਿਕਲੇਗਾ ਪਰ ਦੂਜੇ ਪਾਸੇ ਬੇਰੋਜ਼ਗਾਰ ਹੋਏ ਮੁਲਾਜ਼ਮਾਂ ਦਾ ਹੀ ਧੂੰਆਂ ਨਿਕਲ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਦੇ ਨਤੀਜੇ ਆਉਣ ਤੱਕ ਕਾਂਗਰਸ ਸਰਕਾਰ ਨੂੰ ਢਾਈ ਸਾਲ ਪੂਰੇ ਹੋ ਜਾਣਗੇ। ਸਰਕਾਰ ਦੀ ਨਕਾਰਾ ਕਾਰਗੁਜ਼ਾਰੀ ਇਸ ਕਦਰ ਹੈ ਕਿ ਕਾਂਗਰਸ ਦੇ ਹੀ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਕਹਿੰਦੀ ਹੈ ਕਿ ਉਹ ਸਰਕਾਰ ਨੂੰ 10 'ਚੋਂ ਸਿਰਫ 4 ਨੰਬਰ ਦੇਵੇਗੀ। ਇਹ ਨੰਬਰ ਵੀ ਉਸਨੇ ਘਰਵਾਲੇ ਦੀ ਇੱਜ਼ਤ ਰੱਖਣ ਲਈ ਦਿੱਤੇ ਹਨ। ਹੁਣ ਲੋਕ ਆਪਣੇ ਆਪ ਹੀ ਸਮਝ ਗਏ ਹਨ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹੁਣ ਲੋਕ ਸਭਾ ਚੋਣਾਂ 'ਚ ਫਿਰ ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਉਮੀਦਵਾਰ ਰਾਜਾ ਵੜਿੰਗ ਲੋਕਾਂ ਨੂੰ ਗੁੰਮਰਾਹ ਕਰਨ ਲਈ ਆ ਗਏ ਹਨ। ਗਿੱਦੜਬਾਹਾ ਤੋਂ ਪਹਿਲਾਂ ਮਨਪ੍ਰੀਤ ਸਿੰਘ ਆਇਆ ਅਤੇ ਹੁਣ ਰਾਜਾ ਵੜਿੰਗ ਆ ਗਿਆ ਹੈ, ਜੋ ਸਿਰੇ ਦਾ ਗੱਪੀ ਹੈ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਸਿੰਗਲਾ, ਜਗਮੋਹਨ ਸਿੰਘ ਮੱਕੜ, ਡਾ. ਓਮ ਪ੍ਰਕਾਸ਼ ਸ਼ਰਮਾ, ਮੇਅਰ ਬਲਵੰਤ ਰਾਏ ਨਾਥ, ਨਿਰਮਲ ਸਿੰਘ ਸੰਧੂ, ਹਰਵਿੰਦਰ ਸ਼ਰਮਾ ਤੇ ਗੁਰਸੇਵਕ ਮਾਨ ਆਦਿ ਮੌਜੂਦ ਸਨ।
ਕਾਲੇ ਬੱਦਲਾਂ 'ਚ ਘਿਰਿਆ 'ਚੰਡੀਗੜ੍ਹ', ਤੇਜ਼ ਹਨ੍ਹੇਰੀ ਕਾਰਨ ਡਿਗੇ ਦਰੱਖਤ
NEXT STORY