ਬਠਿੰਡਾ, (ਵਰਮਾ)- ਜ਼ਿਲੇ ’ਚ ਕੋਰੋਨਾ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 21 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1364 ਹੋ ਗਈ ਹੈ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ 541 ਹੋ ਗਈ ਹੈ। ਮੰਗਲਵਾਰ ਨੂੰ 14 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦਿੱਤੀ ਗਈ ਅਤੇ ਘਰ ਭੇਜਿਆ ਗਿਆ। ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਅੱਜ ਮਿਲੇ ਜ਼ਿਆਦਾਤਰ ਕੇਸ ਛਾਉਣੀ ਨਾਲ ਜੁੜੇ ਹੋਏ ਹਨ, ਜਿੰਨ੍ਹਾਂ ਦੀ ਗਿਣਤੀ 11 ਹੈ। ਗੋਨਿਆਣਾ ਦੇ ਪ੍ਰੇਮ ਮਾਡਲ ਸਕੂਲ ’ਚ ਦੋ ਲੋਕ, ਇਕ ਜਨਤਾ ਕਾਲੋਨੀ ਰਾਮਪੁਰਾ ’ਚ, ਦੋ ਰਾਮਾ ਗੈਸਟ ਹਾਊਸ ’ਚ, ਦੋ ਰੇਲਵੇ ਸਟੇਸ਼ਨ ਬਠਿੰਡਾ ’ਚ ਇਕ, ਬਸੰਤ ਬਿਹਾਰ ’ਚ ਇੱਕ, ਕੋਟਕਪੂਰਾ ਦੇ ਫੇਰੂ ਮਾਲ ਚੌਕ ਦਾ ਇਕ ਅਤੇ ਗਰੀਨ ਸਿਟੀ ਫੇਸ ਵਨ ਤੋਂ ਕੋਰੋਨਾ ਪਾਜ਼ੇਟਿਵ ਦਾ ਇੱਕ ਵਿਅਕਤੀ ਮਿਲਿਆ।
ਇਸ ਦੌਰਾਨ ਸਮਾਜ ਸੇਵੀ ਸੰਸਥਾ ਯੂਥ ਵੈੱਲਫੇਅਰ ਸੋਸਾਇਟੀ ਬਠਿੰਡਾ ਵਲੋਂ ਸਵੇਰੇ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਕਤੀ ਨਗਰ ਵਾਸੀ ਓਮ ਪ੍ਰਕਾਸ਼ ਹੋਲਾਨੀ ਪੁੱਤਰ ਜਗਨਨਾਥ (82) ਦੀ ਅਚਾਨਕ ਮੰਗਲਵਾਰ ਰਾਤ ਨੂੰ ਸਿਹਤ ਅਚਾਨਕ ਖਰਾਬ ਹੋ ਗਈ, ਜਿਸਨੂੰ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸਦੀ ਕੋਰੋਨਾ ਟੈਸਟ ਦੌਰਾਨ ਰਿਪੋਰਟ ਪਾਜ਼ੇਟਿਵ ਆਈ। ਇਲਾਜ ਦੇ ਲਈ ਦਿੱਲੀ ਮੇਦਾਤਾ ਹਸਪਤਾਲ ਲਿਜਾਂਦੇ ਸਮੇਂ ਰੋਹਤਕ ਨੇੜੇ ਮੌਤ ਹੋ ਗਈ। ਇਸ ਦੌਰਾਨ ਦੂਸਰੇ ਕੋਰੋਨਾ ਪਾਜ਼ੇਟਿਵ ਜੱਸੀ ਅਤੇ ਫੂਸ ਮੰਡੀ ਵਾਸੀ ਬੰਤ ਸਿੰਘ (60 ਸਾਲ) ਦੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਸਮਾਜ ਸੇਵੀ ਸੰਸਥਾ ਯੂਥ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਵਲੋਂ ਫਰੀਦਕੋਟ ਤੋਂ ਬਠਿੰਡਾ ਲਿਆਂਦਾ ਗਿਆ ਅਤੇ ਮ੍ਰਿਤਕਾ ਦੇ ਅੰਤਿਮ ਸੰਸਕਾਰ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਜੱਸੀ ਅਤੇ ਫੂਸ ਮੰਡੀ ਦੀ ਸ਼ਮਸ਼ਾਨਘਾਟ ’ਚ ਕੀਤਾ ਗਿਆ।
ਗੋਨਿਆਣਾ ਦਾ ਨਿੱਜੀ ਹਸਪਤਾਲ ਇਕ ਹਫਤੇ ਲਈ ਸੀਲ
ਇਕ ਨਿੱਜੀ ਹਸਪਤਾਲ ’ਚ ਦਾਖਲ ਕਿਸੇ ਬੀਮਾਰੀ ਤੋਂ ਪੀੜਤ ਵਿਅਕਤੀ ਦੇ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਗੋਨਿਆਣਾ ਮੰਡੀ ਦੇ ਨਿੱਜੀ ਹਸਪਤਾਲ ਨੂੰ ਇਕ ਹਫਤੇ ਲਈ ਸੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਾਲ ਰੋਡ ’ਤੇ ਇਕ ਨਿੱਜੀ ਹਸਪਤਾਲ ’ਚ ਬੀਤੇ ਦਿਨੀਂ ਬਠਿੰਡਾ ਤੋਂ ਇਕ ਮਰੀਜ਼ ਜੋ ਬੁਖਾਰ ਤੋਂ ਪੀੜਤ ਵਿਅਕਤੀ ਆਇਆ ਸੀ ਜਿਸ ਦੇ ਹਾਲਾਤ ਦੇਖ ਕੇ ਡਾਕਟਰ ਨੇ ਉਸ ਨੂੰ ਆਪਣੇ ਹੀ ਹਸਪਤਾਲ ਦਾਖਲ ਕਰ ਲਿਆ ਅਤੇ ਬੁਖਾਰ ਨਾ ਠੀਕ ਹੋਣ ’ਤੇ ਉਸ ਨੂੰ ਬਠਿੰਡਾ ਤੋਂ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। ਜਿਸ ਦੌਰਾਨ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਨੂੰ ਸਿਹਤ ਵਿਭਾਗ ਨੇ ਫਰੀਦਕੋਟ ਵਿਖੇ ਭੇਜ ਦਿੱਤਾ, ਜਿੱਥੇ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਉਕਤ ਨਿੱਜੀ ਹਸਪਤਾਲ ਨੂੰ ਇਕ ਹਫਤੇ ਲਈ ਜ਼ਿੰਦਰਾ ਲਗਾ ਕੇ ਸੀਲ ਕਰ ਦਿੱਤਾ।
ਪੰਜਾਬ 'ਚ ਕੋਰੋਨਾ ਪੀੜਤ 29 ਮਰੀਜ਼ਾਂ ਦੀ ਮੌਤ, 1060 ਨਵੇਂ ਮਾਮਲੇ
NEXT STORY