ਬਠਿੰਡਾ(ਅਮਿਤ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਇਸ ਮੌਕੇ 'ਤੇ ਬਾਦਲ ਨੇ ਕਾਂਗਰਸ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਕਾਂਗਰਸ ਨੇ 84 ਦੇ ਦੰਗੇ ਕਰਵਾਏ। ਸਿੱਖ ਕਤਲੇਆਮ ਕਰਾਇਆ ਹੈ ਅਤੇ ਹੁਣ ਬਿਨ੍ਹਾਂ ਵਜ੍ਹਾ ਅਕਾਲੀ ਦਲ ਨੂੰ ਬੇਅਦਬੀ ਦਾ ਦੋਸ਼ੀ ਦੱਸ ਰਿਹਾ ਹੈ, ਜਦੋਂਕਿ ਸਿੱਟ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਇਸ ਦੌਰਾਨ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਾਦਲ ਨੇ ਕਿਹਾ ਕਿ ਇਹ ਸਾਰੇ ਕਾਂਗਰਸ ਪਾਰਟੀ ਦੇ ਏਜੰਟ ਹਨ ਅਤੇ ਇਕੱਠੇ ਮਿਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਲੱਗੇ ਹੋਏ ਹਨ। ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਜੋ ਪਿੰਡਾਂ ਵਿਚ ਵਿਰੋਧ ਕੀਤਾ ਜਾ ਰਿਹਾ ਹੈ ਉਹ ਵੀ ਕਾਂਗਰਸ ਹੀ ਕਰਵਾ ਰਹੀ ਹੈ। ਮਨਪ੍ਰੀਤ ਬਾਦਲ ਵੱਲੋਂ ਵੋਟਾਂ ਦੀ ਖਰੀਦੋ-ਫਰੋਖ਼ਤ ਦੇ ਮਾਮਲੇ 'ਚ ਬਾਦਲ ਨੂੰ ਭੀਸ਼ਮ ਪਿਤਾ ਦੱਸਣ 'ਤੇ ਉਨ੍ਹਾਂ ਕਿਹਾ ਕਿ ਮੈਂ ਨਾ ਕਦੇ ਵੋਟਾਂ ਖਰੀਦੀਆਂ ਹਨ ਤੇ ਨਾ ਹੀ ਖਰੀਦਣੀਆਂ ਹਨ, ਉਹ (ਮਨਪ੍ਰੀਤ) ਵੀ ਮੇਰਾ ਬੱਚਾ ਹੈ ਤੇ ਬੱਚਿਆਂ ਦਾ ਗੁੱਸਾ ਨਹੀਂ ਕਰੀਦਾ। ਬਾਦਲ ਨੇ ਅਕਾਲੀ ਦਲ-ਭਾਜਪਾ ਵੱਲੋਂ ਪੰਜਾਬ ਵਿੱਚ 13 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ।
ਕੀ ਹੁੰਦਾ ਹੈ ਕਵਰਿੰਗ ਉਮੀਦਵਾਰ
ਉਮੀਦਵਾਰ ਦੇ ਨਾਲ ਇਕ ਹੋਰ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਜਾਂਦਾ ਹੈ। ਇਸ ਨੂੰ ਕਵਰਿੰਗ ਜਾਂ ਬੈਕਅੱਪ ਉਮੀਦਵਾਰ ਕਿਹਾ ਜਾਂਦਾ ਹੈ। ਕਵਰਿੰਗ ਉਮੀਦਵਾਰ ਕੌਣ ਹੋਵੇਗਾ, ਇਸ ਦਾ ਫੈਸਲਾ ਪਾਰਟੀ ਦਾ ਮੁਖ ਉਮੀਦਵਾਰ ਹੀ ਕਰਦਾ ਹੈ। ਨਾਮਜ਼ਦਗੀ ਪੱਤਰ ਦੀ ਜਾਂਚ ਦੌਰਾਨ ਜੇਕਰ ਕਿਸੇ ਤਰ੍ਹਾਂ ਦੀ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਮੁਖ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਖਾਰਜ ਹੋ ਜਾਂਦਾ ਹੈ। ਇਸ ਸੂਰਤ ਵਿਚ ਉਸ ਦੀ ਜਗ੍ਹਾ 'ਤੇ ਕਵਰਿੰਗ ਉਮੀਦਵਾਰ ਚੋਣ ਲੜਦਾ ਹੈ। ਜ਼ਿਆਦਾਤਰ ਉਮੀਦਵਾਰਾਂ ਦਾ ਨਾਮਜ਼ਦਗੀ ਪੱਤਰ ਸਹੀ ਪਾਇਆ ਜਾਂਦਾ ਹੈ ਤਾਂ ਨਾਮ ਵਾਪਸੀ ਦੇ ਸਮੇਂ ਕਵਰਿੰਗ ਉਮੀਦਵਾਰ ਨਾਮ ਵਾਪਸ ਲੈ ਲੈਂਦਾ ਹੈ। ਉਸੇ ਸਮੇਂ ਜਮ੍ਹਾ ਰਾਸ਼ੀ ਵੀ ਵਾਪਸ ਹੋ ਜਾਂਦੀ ਹੈ।
ਗੁਰਦਾਸਪੁਰ ਰੈਲੀ ਦੌਰਾਨ ਸੰਨੀ ਦਿਓਲ ਨੂੰ ਤੋਹਫੇ 'ਚ ਮਿਲਿਆ ਨਲਕਾ (ਵੀਡੀਓ)
NEXT STORY