ਬਠਿੰਡਾ(ਵੈੱਬ ਡੈਸਕ) : ਦੇਸ਼ 'ਚ 17ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਨਵੀਂ ਸਰਕਾਰ ਬਨਣ 'ਚ ਕਰੀਬ ਇੱਕ ਮਹੀਨੇ ਦਾ ਸਮਾਂ ਬਾਕੀ ਹੈ। ਲੋਕ ਸਭਾ ਦੀਆਂ 545 ਸੀਟਾਂ ਚੋਂ 13 ਪੰਜਾਬ 'ਚ ਹਨ ਅਤੇ ਹਰ ਇਕ ਹਲਕੇ ਵਿਚ ਆਗੂਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਅਕਾਲੀ ਦਲ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਉਮੀਦਵਾਰ ਐਲਾਨ ਸਕਦਾ ਹੈ। ਇਸੇ ਦੇ ਚੱਲਦੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੁਣ ਔਰਤਾਂ ਦੇ ਦਿਲਾਂ ਵਿਚ ਸਿਆਸੀ ਥਾਂ ਤਲਾਸ਼ ਰਹੇ ਹਨ। ਹਰ ਅਸੈਂਬਲੀ ਹਲਕੇ ਵਿਚ ਉਹ ਜਾਣ ਲੱਗੇ ਹਨ। ਹਰਸਿਮਰਤ ਕੌਰ ਬਾਦਲ ਔਰਤਾਂ ਨੂੰ ਗਲੇ ਲੱਗ ਕੇ ਮਿਲਦੇ ਹਨ ਅਤੇ ਔਰਤਾਂ ਦੇ ਪ੍ਰੋਗਰਾਮਾਂ ਵਿਚ ਸਟੇਜ ਦੀ ਥਾਂ ਹੁਣ ਔਰਤਾਂ ਵਿਚ ਬੈਠਣ ਨੂੰ ਤਰਜੀਹ ਦੇ ਰਹੇ ਹਨ। ਦੱਸ ਦੇਈਏ ਕਿ ਕੇਂਦਰੀ ਮੰਤਰੀ ਨੇ ਹਲਕਾ ਵਾਰ ਔਰਤਾਂ ਨਾਲ ਮੀਟਿੰਗਾਂ ਦਾ ਕੰਮ ਮੁਕਾ ਲਿਆ ਹੈ ਅਤੇ ਹੁਣ ਉਹ ਪਿੰਡ-ਪਿੰਡ ਜਾ ਰਹੇ ਹਨ ਅਤੇ ਔਰਤਾਂ ਨਾਲ ਨੇੜਤਾ ਵਧਾ ਰਹੇ ਹਨ। ਇੱਥੋਂ ਤੱਕ ਕਿ ਜਦੋਂ ਮੌੜ ਮੰਡੀ ਵਿਖੇ ਇਸਤਰੀ ਅਕਾਲੀ ਦਲ ਦੀਆਂ ਵਰਕਰਾਂ ਨੇ ਬੀਬਾ ਬਾਦਲ ਨੂੰ ਗੋਲ ਗੱਪੇ ਖਾਣ ਲਈ ਆਖਿਆ ਕਿ ਤਾਂ ਬੀਬਾ ਬਾਦਲ ਨੇ ਬਿਨਾਂ ਦੇਰੀ ਤੋਂ ਗੋਲ ਗੱਪੇ ਛਕ ਲਏ। ਅਕਾਲੀ ਵਰਕਰਾਂ ਦੀਆਂ ਬੱਚੀਆਂ ਨਾਲ ਤਸਵੀਰਾਂ ਵੀ ਉਹ ਹੁਣ ਚਾਅ ਨਾਲ ਖਿਚਾਉਣ ਲੱਗੇ ਹਨ।
ਬਾਦਲ ਪਰਿਵਾਰ ਦੀ ਰਣਨੀਤੀ ਹੈ ਕਿ ਚੋਣ ਪ੍ਰਚਾਰ ਦੇ ਭਖਣ ਤੋਂ ਪਹਿਲਾਂ ਵੋਟਰਾਂ ਨਾਲ ਨਿੱਜੀ ਰਾਬਤਾ ਬਣਾਇਆ ਜਾਵੇ। ਬੀਬਾ ਬਾਦਲ ਹੁਣ ਕਿਤੇ ਵੀ ਕੋਈ ਕਾਹਲੀ ਨਹੀਂ ਕਰਦੇ। ਬੱਚੀਆਂ ਅਤੇ ਔਰਤਾਂ ਨਾਲ ਸੈਲਫੀਆਂ ਲੈਣੀਆਂ ਤਾਂ ਹੁਣ ਆਮ ਗੱਲ ਬਣ ਗਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਨਸਾ ਤੇ ਬਠਿੰਡਾ ਵਿਚ ਦਰਜਨਾਂ ਵਰਕਰ ਮੀਟਿੰਗਾਂ ਕੀਤੀਆਂ ਹਨ ਅਤੇ ਹਰ ਮੀਟਿੰਗ ਵਿਚ ਸੈਲਫੀਆਂ ਦਾ ਸਿਲਸਿਲਾ ਚੱਲਿਆ। ਭਾਸ਼ਣਾਂ ਦੀ ਥਾਂ ਸੁਖਬੀਰ ਬਾਦਲ ਸੈਲਫੀ ਨੂੰ ਤਰਜੀਹ ਦਿੰਦੇ ਹਨ। ਭਾਵੇਂ ਹੀ ਬੱਚਿਆਂ ਦੀ ਵੋਟ ਵੀ ਨਹੀਂ ਬਣੀ ਪਰ ਬੀਬਾ ਬਾਦਲ ਔਰਤਾਂ ਦੀ ਗੋਦੀ ਚੁੱਕੇ ਬੱਚਿਆਂ ਨੂੰ ਲਾਡ ਪਿਆਰ ਦੇਣਾ ਨਹੀਂ ਭੁੱਲਦੇ। ਉਹ ਲੋਕਾਂ ਦੇ ਮਸਲੇ ਵੀ ਹੁਣ ਚੁੱਕਣ ਲੱਗੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਬਠਿੰਡਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰਨ ਵਿਚ ਪਛੜੀ ਹੋਈ ਹੈ। ਜੇਕਰ ਕਾਂਗਰਸੀ ਉਮੀਦਵਾਰ ਲੇਟ ਪਿੜ ਵਿਚ ਆਇਆ ਤਾਂ ਉਸ ਨੂੰ ਨਿਆਣਿਆਂ ਨਾਲ ਲਾਡ ਪਿਆਰ ਕਰਨ ਦਾ ਮੌਕਾ ਹੀ ਨਹੀਂ ਮਿਲਣਾ।
ਅਕਾਲੀ ਦਲ 'ਰੁੱਸਿਆਂ ਨੂੰ ਮਨਾਉਣ' ਤੇ 'ਦੂਜਿਆਂ ਨੂੰ ਚੋਗਾ ਪਾਉਣ' ਦੀ ਰਾਹ 'ਤੇ
NEXT STORY