ਬਠਿੰਡਾ (ਵਰਮਾ) : ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਦੀ ਪੁਲਸ ਚੌਕੀ 'ਚ ਇਕ ਨੌਜਵਾਨ ਨਾਲ ਪੁਲਸ ਮੁਲਾਜ਼ਮਾਂ ਵਲੋਂ ਕੁੱਟ-ਮਾਰ ਕੀਤੀ ਗਈ। ਇਸ ਸਬੰਧ 'ਚ ਐੱਸ. ਐੱਸ. ਪੀ. ਨਾਨਕ ਸਿੰਘ ਨੇ ਚੌਕੀ ਪ੍ਰਮੁੱਖ ਏ. ਐੱਸ. ਆਈ. ਕੌਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਮਨਵੀਰ ਸਿੰਘ ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਬਠਿੰਡਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਵਾਸੀ ਇਕ ਵਿਆਹੁਤਾ ਨਾਲ ਪ੍ਰੇਮ ਸਬੰਧ ਸਨ। ਬੀਤੇ ਦਿਨੀਂ ਉਕਤ ਵਿਆਹੁਤਾ ਜਦੋਂ ਆਪਣੇ ਪੇਕੇ ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਗਈ ਤਾਂ ਉਥੋਂ ਹੀ ਉਕਤ ਨੌਜਵਾਨ ਉਸ ਨੂੰ ਲੈ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਵਿਆਹੁਤਾ ਦੇ ਕਿੱਲੀ ਨਿਹਾਲ ਸਿੰਘ ਵਾਲਾ ਜ਼ਿਲਾ ਬਠਿੰਡਾ ਸਥਿਤ ਸਹੁਰੇ ਵਾਲਿਆਂ ਨੇ ਨੌਜਵਾਨ ਖਿਲਾਫ ਪੁਲਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਸ਼ਿਕਾਇਤ ਨੂੰ ਲੈ ਕੇ ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਦੀ ਪੰਚਾਇਤ ਨੇ ਐਤਵਾਰ ਨੂੰ ਨੌਜਵਾਨ ਮਨਵੀਰ ਸਿੰਘ ਨੂੰ ਪੁਲਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ 'ਚ ਪੁਲਸ ਸਾਹਮਣੇ ਪੇਸ਼ ਕੀਤਾ।
ਮਨਵੀਰ ਸਿੰਘ ਦਾ ਦੋਸ਼ ਹੈ ਕਿ ਜਿਵੇਂ ਹੀ ਪੰਚਾਇਤ ਉਸ ਨੂੰ ਪੁਲਸ ਚੌਕੀ 'ਚ ਛੱਡ ਕੇ ਗਈ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਚੌਕੀ ਪ੍ਰਮੁੱਖ ਏ. ਐੱਸ. ਆਈ. ਕੌਰ ਸਿੰਘ ਪੁਲਸ ਪਾਰਟੀ ਸਮੇਤ ਨੌਜਵਾਨ ਨੂੰ ਲੈ ਕੇ ਸੋਮਵਾਰ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚੇ। ਜਿਥੇ ਨੌਜਵਾਨ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ। ਪ੍ਰਾਈਵੇਟ ਹਸਪਤਾਲ 'ਚ ਨੌਜਵਾਨ ਦੇ ਪਿੱਛੇ ਪਹੁੰਚੇ ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਕਿੱਲੀ ਨਿਹਾਲ ਸਿੰਘ ਵਾਲਾ ਪੁਲਸ ਚੌਕੀ ਪ੍ਰਮੁੱਖ ਏ. ਐੱਸ. ਆਈ. ਕੌਰ ਸਿੰਘ ਨੇ ਵਿਆਹੁਤਾ ਦੇ ਸਹੁਰੇ ਵਾਲਿਆਂ ਦੇ ਦਬਾਅ 'ਚ ਆ ਕੇ ਨੌਜਵਾਨ ਮਨਵੀਰ ਸਿੰਘ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਕਾਰਣ ਉਸ ਦੀ ਪਿੱਠ ਅਤੇ ਗਰਦਨ 'ਤੇ ਗੰਭੀਰ ਸੱਟਾਂ ਆਈਆਂ। ਇਸ ਸਬੰਧ 'ਚ ਇਕ ਵੀਡੀਓ ਵੀ ਵਾਇਰਲ ਹੋ ਗਿਆ ਸੀ। ਇਸ ਮਾਮਲੇ 'ਚ ਉਕਤ ਏ. ਐੱਸ. ਆਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਐੱਸ. ਐੱਸ. ਪੀ. ਨਾਨਕ ਸਿੰਘ ਨੇ ਕਿਹਾ ਮਾਮਲਾ ਧਿਆਨ 'ਚ ਆਉਂਦੇ ਹੀ ਉਨ੍ਹਾਂ ਨੇ ਚੌਕੀ ਪ੍ਰਮੁੱਖ ਏ. ਐੱਸ. ਆਈ. ਸਰਵਣ ਸਿੰਘ ਨੂੰ ਫਰੀਦਕੋਟ ਭੇਜ ਦਿੱਤਾ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਜਿਵੇਂ ਹੀ ਪੀੜਤ ਨੌਜਵਾਨ ਦੇ ਬਿਆਨ ਦਰਜ ਹੋਣਗੇ, ਉਸ ਦੇ ਤੁਰੰਤ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੁਸ਼ਿਆਰਪੁਰ : 2 ਵੱਖ-ਵੱਖ ਥਾਵਾਂ 'ਤੇ ਲੱਗੀ ਅੱਗ
NEXT STORY