ਚੰਡੀਗੜ੍ਹ (ਸ਼ੀਨਾ) : ਮਾਨਸੂਨ ਸੀਜ਼ਨ ਦੀ ਆਮਦ ਤੋਂ ਪਹਿਲਾਂ ਟ੍ਰਾਈਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਤੂਫ਼ਾਨ, ਗਰਜ-ਚਮਕ ਤੇ ਤੇਜ਼ ਹਵਾਵਾਂ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਪੀ. ਜੀ. ਆਈ. ਦੇ ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾ. ਰਾਜੇਸ਼ ਛਾਬੜਾ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਚਿਤਾਵਨੀਆਂ ਨੂੰ ਆਮ ਜਾਣਕਾਰੀ ਸਮਝਣ ਦੀ ਬਜਾਏ ਸੁਰੱਖਿਆ ਸਬੰਧੀ ਅਹਿਮ ਸਲਾਹ ਵਜੋਂ ਲੈਣਾ ਚਾਹੀਦਾ ਹੈ। ਡਾ. ਛਾਬੜਾ ਨੇ ਕਿਹਾ ਕਿ ਹਰ ਸਾਲ ਤੂਫ਼ਾਨੀ ਮੌਸਮ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਲੋਕ ਬੇਲੋੜੀ ਯਾਤਰਾ, ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਜਾਂ ਮੌਸਮ ਦੀਆਂ ਚਿਤਾਵਨੀਆਂ ਨੂੰ ਨਜ਼ਰ-ਅੰਦਾਜ਼ ਕਰਨ ਕਾਰਨ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਰ ਦੀਆਂ ਸੱਟਾਂ ਅਤੇ ਦਿਮਾਗੀ ਚੋਟਾਂ ਅਜਿਹੇ ਹਾਦਸਿਆਂ ’ਚ ਸਭ ਤੋਂ ਵੱਧ ਦੇਖਣ ਨੂੰ ਮਿਲਦੀਆਂ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ’ਚ 11 ਜੂਨ ਦੀ ਰਾਤ ਆਏ ਭਿਆਨਕ ਤੂਫ਼ਾਨ, ਤੇਜ਼ ਹਵਾਵਾਂ ਤੇ ਗਰਜ-ਚਮਕ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਸੀ ਪਰ ਇਸ ਦੌਰਾਨ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਨੂੰ ਅਣਡਿੱਠਾ ਕਰਨ ਵਾਲੇ ਕਈ ਲੋਕ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਗਏ ਸਨ। ਉਸ ਰਾਤ ਦੌਰਾਨ ਵਾਪਰੇ ਸੜਕ ਹਾਦਸਿਆਂ ਤੇ ਹੋਰ ਦੁਰਘਟਨਾਵਾਂ ’ਚ 15 ਲੋਕ ਗੰਭੀਰ ਜ਼ਖ਼ਮੀ ਹੋ ਕੇ ਪੀ. ਜੀ. ਆਈ. ਪਹੁੰਚੇ ਸਨ, ਜਿਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਨੂੰ ਪਈ ਨਵੀਂ ਟੈਨਸ਼ਨ! ਸ਼ੁਰੂ ਹੋਇਆ ਇੰਤਜ਼ਾਰ, ਪੜ੍ਹੋ ਕੀ ਹੈ ਪੂਰੀ ਖ਼ਬਰ
ਭਾਰੀ ਮੀਂਹ ਦੌਰਾਨ ਦੋਪਹੀਆ ਵਾਹਨ ਚਲਾਉਣਾ ਹੋ ਸਕਦੈ ਖ਼ਤਰਨਾਕ
ਉਨ੍ਹਾਂ ਕਿਹਾ ਕਿ ਤੇਜ਼ ਹਵਾਵਾਂ, ਭਾਰੀ ਮੀਂਹ ਜਾਂ ਗਰਜ-ਚਮਕ ਦੌਰਾਨ ਵਾਹਨ ਚਲਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਖ਼ਾਸ ਤੌਰ ’ਤੇ ਦੋਪਹੀਆ ਵਾਹਨ ਚਾਲਕਾਂ ਨੂੰ ਅਜਿਹੇ ਮੌਸਮ ’ਚ ਯਾਤਰਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਤੇਜ਼ ਹਵਾਵਾਂ ਕਾਰਨ ਸੰਤੁਲਨ ਵਿਗੜ ਸਕਦਾ ਹੈ ਅਤੇ ਹਾਦਸੇ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਡਾ. ਛਾਬੜਾ ਨੇ ਕਿਹਾ ਕਿ ਸਿਰ ਦੀ ਇਕ ਛੋਟੀ ਜਿਹੀ ਸੱਟ ਵੀ ਲੰਬੇ ਸਮੇਂ ਲਈ ਗੰਭੀਰ ਨਤੀਜੇ ਛੱਡ ਸਕਦੀ ਹੈ। ਇਸ ਲਈ ਹੈਲਮੇਟ ਦੀ ਵਰਤੋਂ ਹਰ ਹਾਲਤ ’ਚ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਰੋਜ਼ਾਨਾ ਅਜਿਹੇ ਮਰੀਜ਼ਾਂ ਦਾ ਇਲਾਜ ਕਰਦੇ ਹਨ, ਜੋ ਸਿਰਫ਼ ਇਕ ਛੋਟੀ ਜਿਹੀ ਲਾਪਰਵਾਹੀ ਕਾਰਨ ਜ਼ਿੰਦਗੀ ਭਰ ਦੀ ਤਕਲੀਫ਼ ਦਾ ਸਾਹਮਣਾ ਕਰਦੇ ਹਨ। ਇਸੇ ਦੌਰਾਨ ਚੰਡੀਗੜ੍ਹ ਮੌਸਮ ਵਿਭਾਗ ਨੇ ਵੀ ਆਉਣ ਵਾਲੇ ਦਿਨਾਂ ’ਚ ਮੌਸਮ ਬਦਲਣ, ਗਰਜ-ਚਮਕ, ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਘਰਾਂ ’ਚ ਰਹਿਣ ਤੇ ਜ਼ਰੂਰੀ ਹੋਣ ’ਤੇ ਹੀ ਬਾਹਰ ਨਿਕਲਣ।
ਤੂਫ਼ਾਨ ਤੇ ਖ਼ਰਾਬ ਮੌਸਮ ਦੌਰਾਨ ਇਹ ਸਾਵਧਾਨੀਆਂ ਵਰਤੋ
ਬੇਲੋੜੀ ਯਾਤਰਾ ਤੋਂ ਬਚੋ।
ਗਰਜ-ਚਮਕ ਤੇ ਤੇਜ਼ ਹਵਾਵਾਂ ਦੌਰਾਨ ਦੋਪਹੀਆ ਵਾਹਨ ਨਾ ਚਲਾਓ।
ਹੈਲਮੇਟ ਤੇ ਹੋਰ ਸੁਰੱਖਿਆ ਉਪਕਰਣਾਂ ਦੀ ਵਰਤੋਂ ਲਾਜ਼ਮੀ ਕਰੋ।
ਬਿਜਲੀ ਦੇ ਖੰਭਿਆਂ, ਲਟਕਦੀਆਂ ਤਾਰਾਂ ਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹੋ।
ਤੂਫ਼ਾਨ ਦੌਰਾਨ ਦਰੱਖਤਾਂ, ਟੀਨ ਸ਼ੈੱਡਾਂ ਅਤੇ ਢਿੱਲੀਆਂ ਵਸਤਾਂ ਦੇ ਨੇੜੇ ਖੜ੍ਹਨ ਤੋਂ ਬਚੋ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਲਰਟ ਤੇ ਐਡਵਾਈਜ਼ਰੀਆਂ ’ਤੇ ਨਜ਼ਰ ਰੱਖੋ।
ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਰਾਬ ਮੌਸਮ ਦੌਰਾਨ ਘਰਾਂ ’ਚ ਸੁਰੱਖਿਅਤ ਰੱਖੋ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : ਜਿੰਮ 'ਚ ਵਰਕਆਊਟ ਦੌਰਾਨ ਜਵਾਨ ਮੁੰਡੇ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਮੌਸਮ ਚਿਤਾਵਨੀ ਨੂੰ ਨਜ਼ਰ-ਅੰਦਾਜ਼ ਕਰਨਾ ਖ਼ਤਰੇ ਨੂੰ ਸੱਦਾ ਦੇਣ ਬਰਾਬਰ
ਡਾ. ਰਾਜੇਸ਼ ਛਾਬੜਾ ਨੇ ਕਿਹਾ ਕਿ ਕੋਈ ਵੀ ਕੰਮ ਜਾਂ ਮੰਜ਼ਲ ਮਨੁੱਖੀ ਜ਼ਿੰਦਗੀ ਨਾਲੋਂ ਵੱਡੀ ਨਹੀਂ। ਮੌਸਮ ਵਿਭਾਗ ਦੀਆਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲਓ, ਸੁਰੱਖਿਅਤ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਸਣੇ 16 ਸੂਬਿਆਂ 'ਚ CBI ਨੇ ਮਾਰੇ ਛਾਪੇ, 80 ਟਿਕਾਣਿਆਂ 'ਤੇ ਪਹੁੰਚੀਆਂ ਟੀਮਾਂ
NEXT STORY