ਚੰਡੀਗੜ੍ਹ (ਸੰਦੀਪ) : ਸੈਕਟਰ-82 ਸਥਿਤ ਉਸਾਰੀ ਅਧੀਨ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ 3 ਮਜ਼ਦੂਰ ਕਰਮਚਾਰੀਆਂ ’ਤੇ ਹਮਲਾ ਕਰਕੇ 3 ਮੋਬਾਇਲ ਤੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਗਈ। ਮੁਲਜ਼ਮਾਂ ਨੇ ਪਹਿਲਾਂ ਤਿੰਨਾਂ ਨੂੰ ਬੰਧਕ ਬਣਾਇਆ ਅਤੇ ਫਿਰ ਕੁੱਟਮਾਰ ਕਰਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੋਹਾਣਾ ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਘਟਨਾ ਬੀਤੀ ਰਾਤ 12:15 ਵਜੇ ਦੀ ਹੈ, ਜਦੋਂ ਪੀ.ਓ.ਪੀ. ਦਾ ਕੰਮ ਕਰਨ ਵਾਲੇ ਰਵੀ, ਮੋਨੂੰ ਅਤੇ ਮੁੰਨਾ ਕਮਰੇ 'ਚ ਸੁੱਤੇ ਪਏ ਸਨ। ਉਨ੍ਹਾਂ ਕੋਲ 4 ਅਣਪਛਾਤੇ ਵਿਅਕਤੀ ਆਏ ਤੇ ਕਹਿਣ ਲੱਗੇ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ। ਇਨਕਾਰ ਕਰਨ ’ਤੇ ਰਾਡ ਅਤੇ ਉੱਥੇ ਪਈਆਂ ਇੱਟਾਂ ਨਾਲ ਹਮਲਾ ਕਰ ਦਿੱਤਾ। ਲੁਟੇਰੇ 3 ਮੋਬਾਇਲ ਅਤੇ 15 ਤੋਂ 16 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ।
ਇਹ ਵੀ ਪੜ੍ਹੋ : ਮੰਦਰ 'ਚ ਮੱਥਾ ਟੇਕਣ ਗਈ ਬੱਚੀ ਨਾਲ ਪੁਜਾਰੀ ਨੇ ਕੀਤਾ ਜਬਰ-ਜ਼ਨਾਹ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਇਸ ਦੇ ਨਾਲ ਹੀ ਹਮਲਾ ਕਰਨ ਤੋਂ ਪਹਿਲਾਂ ਲੁਟੇਰਿਆਂ ਨੇ ਗਰਾਊਂਡ ਫਲੋਰ ’ਤੇ ਚੌਕੀਦਾਰ ਦੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ ਤਾਂ ਜੋ ਕੋਈ ਮਦਦ ਲਈ ਨਾ ਆ ਸਕੇ। ਰੌਲਾ ਪੈਣ ’ਤੇ ਮਕਾਨ ਮਾਲਕ ਅਤੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਤ 1 ਵਜੇ ਫੇਜ਼-6 ਸਥਿਤ ਸਿਵਲ ਹਸਪਤਾਲ ਲੈ ਗਏ। ਰਵੀ ਦੇ ਪੈਰ 'ਚ ਫਰੈਕਚਰ, ਮੋਨੂੰ ਦੇ ਸਿਰ ’ਤੇ ਟਾਂਕੇ ਤੇ ਹੱਥ 'ਚ ਫਰੈਕਚਰ ਅਤੇ ਮੁੰਨਾ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਤਿੰਨੋਂ ਜ਼ਖ਼ਮੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਸੋਹਾਣਾ ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਨਾਲ ਹੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਮਾਰਤ 'ਚ ਲੱਗੇ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਸਨ ਤਾਂ ਜੋ ਕਿਸੇ ਦੀ ਪਛਾਣ ਨਾ ਹੋ ਸਕੇ। ਉੱਥੇ ਹੀ ਚੌਕੀਦਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਕਮਰਾ ਬੰਦ ਕਰ ਦਿੱਤਾ ਸੀ, ਇਸ ਦੇ ਨਾਲ ਹੀ ਇਮਾਰਤ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਲੁਟੇਰੇ ਇਕ ਜ਼ੈੱਨ ਕਾਰ 'ਚ ਆਏ ਸਨ, ਜਿਸ ਨੂੰ ਉਨ੍ਹਾਂ ਬਿਲਡਿੰਗ ਤੋਂ ਥੋੜ੍ਹੀ ਦੂਰ ਖੜ੍ਹੀ ਕਰ ਦਿੱਤਾ ਸੀ।
ਮੰਦਰ 'ਚ ਮੱਥਾ ਟੇਕਣ ਗਈ ਬੱਚੀ ਨਾਲ ਪੁਜਾਰੀ ਨੇ ਕੀਤਾ ਜਬਰ-ਜ਼ਨਾਹ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
NEXT STORY