ਜੈਤੋ : ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਮਾਮਲੇ 'ਚ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਰਜੀਤ ਸਿੰਘ ਦੀ 15 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ 2018 ਵਿਚ ਉਨ੍ਹਾਂ ਦੇ ਘਰ ਤੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਾਉਣ ਅਤੇ ਟਰਾਂਸਫਾਰਮਰ ਲਾਉਣ ਸਬੰਧੀ ਪਿੰਡ ਬਹਿਬਲ ਕਲਾਂ ਦੇ ਹੀ ਆਗੂ ਮਨਜਿੰਦਰ ਸਿੰਘ ਉਰਫ਼ ਬਿੱਟਾ, ਉਸ ਦੇ ਭਰਾ ਜਗਦੀਪ ਸਿੰਘ ਅਤੇ ਚਚੇਰੇ ਭਰਾ ਲਵਪ੍ਰੀਤ ਸਿੰਘ ਉਰਫ਼ ਲਵਲੀ ਨਾਲ ਉਨ੍ਹਾਂ ਦਾ ਬੋਲ-ਬੁਲਾਰਾ ਹੋ ਗਿਆ ਸੀ। ਉਦੋਂ ਤੋਂ ਹੀ ਦੋਹਾਂ ਧਿਰਾਂ ਵਿਚ ਕੁੜੱਤਣ ਵਾਲਾ ਮਾਹੌਲ ਸੀ। ਉਸ ਨੇ ਦੋਸ਼ ਲਾਇਆ ਕਿ 18 ਦਸੰਬਰ, 2018 ਅਤੇ 15 ਨਵੰਬਰ, 2019 ਨੂੰ ਮਨਜਿੰਦਰ ਸਿੰਘ ਨੇ ਆਪਣੇ ਘਰ ਹਵਾਈ ਫ਼ਾਇਰ ਕੀਤੇ ਅਤੇ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਧਮਕਾਇਆ। ਜਸਵੀਰ ਕੌਰ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪੁਲਸ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਦੇ ਬਿਆਨਾਂ 'ਤੇ ਲੰਘੀ ਰਾਤ ਪੁਲਸ ਨੇ ਤਿੰਨਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 336/506/34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਸੁਰਜੀਤ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਨੇ ਪਾਵਰਕੌਮ ਦੇ ਕੁਝ ਅਧਿਕਾਰੀਆਂ ਅਤੇ ਬਰਗਾੜੀ ਪੁਲਸ ਚੌਕੀ ਦੇ ਦੋ ਅਧਿਕਾਰੀਆਂ ਨੂੰ ਐੱਫ. ਆਈ. ਆਰ. ਵਿਚ ਨਾਮਜ਼ਦ ਨਾ ਕਰਨ 'ਤੇ ਇਤਰਾਜ਼ ਕੀਤਾ ਹੈ। ਗ਼ੌਰਤਲਬ ਹੈ ਕਿ ਕੁਝ ਅਰਸਾ ਪਹਿਲਾਂ ਪਾਵਰਕੌਮ ਵੱਲੋਂ ਸੁਰਜੀਤ ਸਿੰਘ ਕੋਲੋਂ ਬਿਜਲੀ ਚੋਰੀ ਦੇ ਮਾਮਲੇ ਤਹਿਤ ਕਰੀਬ 50 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਸੀ।
ਲਾਪਤਾ ਹੋਏ ਨੌਜਵਾਨ ਦੀ ਜੰਗਲ 'ਚੋਂ ਲਾਸ਼ ਬਰਾਮਦ
NEXT STORY