ਸੰਗਰੂਰ (ਵੈੱਬ ਡੈੱਸਕ, ਵਿਜੈ ਕੁਮਾਰ ਸਿੰਗਲਾ) : ਪਿਛਲੇ ਤਿੰਨ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨੇ ’ਤੇ ਬੈਠੇ ਪੰਜਾਬ ਪੁਲਸ ਕਾਂਸਟੇਬਲ ਦੇ ਸਲੈਕਟਿਡ ਉਮੀਦਵਾਰਾਂ ਵਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਧਰਨੇ ’ਤੇ ਬੈਠੇ ਗੁਰਦੀਪ ਸਿੰਘ ਵਲੋਂ ਦੋ ਵਾਰ ਅਤੇ ਗੁਰਜੀਤ ਸਿੰਘ ਵਲੋਂ ਇਕ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਧਰਨੇ ’ਤੇ ਬੈਠੇ ਨੌਜਵਾਨਾਂ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਕਾਂਸਟੇਬਲ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਵਾਲੇ ਸਲੈਕਟਡ ਉਮੀਦਵਾਰ ਹਨ। ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਸੰਗਰੂਰ ਵਿਖੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਾਂ। 14 ਜੁਲਾਈ ਨੂੰ ਸਵੇਰੇ ਧਰਨੇ ’ਚ ਬੈਠੀਆਂ 3 ਕੁੜੀਆਂ ਮਰਨ ਵਰਤ ’ਤੇ ਬੈਠ ਗਈਆਂ ਹਨ ਅਤੇ 15 ਜੁਲਾਈ ਨੂੰ ਸਾਡੇ 7 ਮੁੰਡੇ ਮਰਨ ਵਰਤ ਉਤੇ ਬੈਠ ਗਏ ਹਨ। ਮਰਨ ਵਰਤ ਨੂੰ ਅੱਜ ਤਿੰਨ ਦਿਨ ਅਤੇ ਦੋ ਰਾਤਾਂ ਹੋ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।
ਇਸ ਦੌਰਾਨ ਮਰਨ ਵਰਤ ’ਤੇ ਬੈਠੇ ਦੋ ਉਮੀਦਵਾਰਾਂ ਗੁਰਦੀਪ ਸਿੰਘ ਜਿਸ ਨੇ ਬੀਤੇ ਦਿਨੀਂ ਪਹਿਲਾਂ ਫਾਹਾ ਲੈ ਕੇ ਮਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਬੜੀ ਮੁਸ਼ਕਲ ਨਾਲ ਰੋਕਿਆ ਗਿਆ। ਬਾਅਦ ਵਿਚ ਗੁਰਦੀਪ ਸਿੰਘ ਉਥੋਂ ਭੱਜ ਗਿਆ ਅਤੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਮਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਮਰਨ ਵਰਤ ਉੱਤੇ ਬੈਠੇ ਉਮੀਦਵਾਰ ਗੁਰਜੀਤ ਸਿੰਘ ਨੇ ਸਪਰੇ (ਜ਼ਹਿਰ) ਪੀ ਲਈ। ਜਿਸ ਕਾਰਨ ਗੁਰਜੀਤ ਸਿੰਘ ਜੀ ਹਾਲਤ ਬਹੁਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮਰਨ ਵਰਤ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ। ਉਨ੍ਹਾਂ ਕਿਹਾ ਕਿ ਅਸੀਂ 16 ਜੁਲਾਈ 12 ਵਜੇ ਤੱਕ ਉਡੀਕ ਕਰਾਂਗੇ ਉਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਵਿੱਢਿਆ ਜਾਵੇਗਾ। ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
'ਸਿਮਰਜੀਤ ਬੈਂਸ' ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਮੁੜ 2 ਦਿਨਾਂ ਦੇ ਰਿਮਾਂਡ 'ਤੇ
NEXT STORY