ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਸਰਕਾਰ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਾਰੇ ਦੇਸ਼ ਨਾਲੋ ਮਹਿੰਗਾ ਡੀਜ਼ਲ-ਪੈਟਰੋਲ ਹੈ , ਜਦੋਂ ਕਿ ਚੰਡੀਗੜ੍ਹ 'ਚ ਪੰਜਾਬ ਨਾਲੋਂ ਡੀਜ਼ਲ 4 ਰੁਪਏ ਤੇ ਪੈਟਰੋਲ 8 ਰੁਪਏ ਸਸਤਾ ਹੈ ਅਤੇ ਸਾਰੇ ਗੁਆਂਢੀ ਸੂਬਿਆਂ ਵਿਚ ਵੀ ਸਸਤਾ ਹੈ, ਫਿਰ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਬੇਇਨਸਾਫ਼ੀ ਕਿਉਂ ਕੀਤੀ ਜਾਂਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਡੀਜ਼ਲ ਨੂੰ ਜੀ.ਐਸ.ਟੀ ਵਿਚ ਲਿਆਂਦਾ ਜਾਵੇ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਬਾਕੀ ਰਾਜਾਂ ਦੇ ਮੁਕਾਬਲੇ ਡੀਜ਼ਲ-ਪੈਟਰੋਲ ਦੇ ਰੇਟ ਤਹਿ ਕੀਤੇ ਜਾਣ।
ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਸਾਲ ਦੇ ਵੇਚੇ ਗੰਨੇ ਦਾ ਬਕਾਇਆ ਕਿਸਾਨਾਂ ਦਾ ਮਿੱਲਾਂ ਵੱਲ ਅਤੇ ਸਰਕਾਰ ਵੱਲ 400 ਕਰੋੜ ਰਹਿੰਦੇ ਹਨ, ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜ਼ੂਦ, ਧਰਨੇ ਲਾਉਣ 'ਤੇ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀ ਸਰਕੀ ਅਤੇ ਹੁਣ ਗੰਨੇ ਦੀ ਨਵੀ ਫਸਲ ਵੀ ਪੱਕ ਚੁੱਕੀ ਹੈ ਅਤੇ ਕਿਸਾਨ ਮਿੱਲਾਂ ਨੂੰ ਨਵਾਂ ਗੰਨਾ ਸਪਲਾਈ ਵੀ ਕਰਨ ਲੱਗੇ ਹਨ ਪਰ ਪਿਛਲੇ ਸਮੇਂ ਦੇ ਵੇਚੇ ਗੰਨੇ ਦਾ ਬਕਾਇਆ ਨਾ ਮਿਲਣ ਕਰਕੇ ਕਿਸਾਨਾਂ ਸਿਰ ਕਰਜੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਰਜੇ ਕਰਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਸਰਕਾਰ 15 ਦਿਨਾਂ ਵਿਚ ਬਕਾਇਆ ਰਹਿੰਦੀ ਸਾਰੀ ਰਕਮ ਜਾਰੀ ਕਰੇ, ਗੰਨੇ ਦਾ ਰੇਟ ਸਰਕਾਰ 350 ਰੁਪਏ ਐਲਾਨ ਕਰੇ ਤੇ ਸਾਰੀਆ ਪ੍ਰਾਈਵੇਟ ਮਿੱਲਾਂ ਨੂੰ ਚਾਲੂ ਕੀਤਾ ਜਾਵੇ। ਲੱਖੋਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਦੀ ਤਰੀਖ ਲੇਟ ਕਰਨ ਕਰਕੇ ਝੋਨੇ ਦਾ ਝਾੜ ਘਟ ਗਿਆ ਹੈ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਅਤੇ ਉਹ ਕਿਸਾਨਾਂ ਨੂੰ ਝੋਨੇ ਦਾ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਮੌਕੇ ਕਿਸਾਨਾਂ ਸਿਰ ਚੜਿਆ ਸਮੁੱਚਾ ਕਰਜਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਕਰਜਾ ਮੁਆਫ਼ੀ ਦੇ ਨਾਂ 'ਤੇ ਪੰਜਾਬ ਵਿਚ ਕਾਨਫਰੰਸਾਂ ਕਰਕੇ ਕਿਸਾਨਾਂ ਦਾ ਨਾ ਮਾਤਰ ਕਰਜਾ ਆਪਣੇ ਚਹੇਤਿਆ ਦਾ ਮੁਆਫ਼ ਕਰਕੇ ਫੌਕੀ ਸ਼ੌਹਰਤ ਖੱਟ ਰਹੀ ਹੈ ਅਤੇ 2019 ਦੀਆ ਚੋਣਾਂ ਵਿਚ ਲਾਭ ਲੈਣਾ ਚਾਹੁੰਦੀ ਹੈ।
ਫੋਨ ਟੈਪ ਹੋਣ ਦਾ 'ਡਰ' ਹੈ ਤਾਂ 'ਟ੍ਰਾਈ' ਤੋਂ ਮੰਗ ਸਕਦੇ ਹੋ ਸੂਚਨਾ
NEXT STORY