ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ 'ਚ ਪੁਲਸ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਇੱਕ ਤਸਕਰ ਨੂੰ 10 ਕਿੱਲੋ 125 ਗ੍ਰਾਮ ਹੈਰੋਇਨ ਸਮੇਤ ਅਤੇ ਥਾਣਾ ਆਰਿਫਕੇ ਦੇ ਐੱਸ. ਐੱਚ. ਓ. ਇੰਸਪੈਕਟਰ ਬਲਰਾਜ ਸਿੰਘ ਦੀ ਅਗਵਾਈ ਹੇਠ 2 ਨਸ਼ਾ ਤਸਕਰਾਂ ਨੂੰ 2 ਕਿੱਲੋ 1 ਗ੍ਰਾਮ ਆਈਸ ਡਰੱਗ ਅਤੇ ਇੱਕ ਤੁਰਕੀ ਮੇਡ 30 ਬੋਰ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਓਮ ਉਰਫ਼ ਓਮੀ ਪੁੱਤਰ ਸੁੱਖਾ ਵਾਸੀ ਲੇਲੀ ਵਾਲਾ ਹੈਰੋਇਨ ਦੀ ਵੱਡੇ ਪੱਧਰ ’ਤੇ ਤਸਕਰੀ ਕਰਦਾ ਹੈ, ਜਿਸ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ ਅਤੇ ਉਸ ਨੇ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਹੈ, ਜੋ ਅੱਗੇ ਸਪਲਾਈ ਕੀਤੀ ਜਾਣੀ ਹੈ।
ਇਸ ਗੁਪਤ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਮਜ਼ਦ ਮੁਲਜ਼ਮ ਨੂੰ ਕਾਬੂ ਕੀਤਾ, ਜਿਸ ਤੋਂ ਤਲਾਸ਼ੀ ਲੈਣ ’ਤੇ 10 ਕਿੱਲੋ 125 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਆਰਿਫਕੇ ਦੀ ਪੁਲਸ ਵੱਲੋਂ ਆਈਸ ਡਰੱਗ ਬਰਾਮਦਗੀ ਦੀ ਦੂਜੀ ਘਟਨਾ 'ਚ ਜਦੋਂ ਐੱਸ. ਐੱਚ. ਓ. ਇੰਚਾਰਜ ਬਲਰਾਜ ਸਿੰਘ ਦੀ ਅਗਵਾਈ ਹੇਠ ਥਾਣਾ ਆਰਿਫਕੇ ਦੀ ਪੁਲਸ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪਿੰਡ ਆਰਿਫਕੇ ਤੋਂ ਪਿੰਡ ਕਟੋਰਾ ਦੇ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਅਨਿਕੇਤ ਕੁਮਾਰ ਪੁੱਤਰ ਜਸਵੰਤ ਕੁਮਾਰ ਅਤੇ ਸੁਮਿਤ ਪੁੱਤਰ ਰਾਮਕੁਮਾਰ ਵਾਸੀ ਸ਼ਾਂਤੀ ਨਗਰ ਫਿਰੋਜ਼ਪੁਰ ਸ਼ਹਿਰ ਆਈਸ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ, ਜੋ ਆਈਸ ਡਰੱਗ ਅਤੇ ਹਥਿਆਰ ਲੈ ਕੇ ਕਾਲੇ ਰੰਗ ਦੇ ਪੰਜਾਬ ਨੰਬਰ ਦੇ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਪਿੰਡ ਮੱਲ੍ਹਾਵਾਲੀ ਸਾਈਡ ਤੋਂ ਆ ਰਹੇ ਹਨ।
ਉਨ੍ਹਾਂ ਨੇ ਪਿੰਡ ਟੱਲੀ ਸੈਦਾ ਸ਼ਾਹੂ ਤੋਂ ਨਿਕਲ ਕੇ ਫਿਰੋਜ਼ਪੁਰ ਰੋਡ ’ਤੇ ਆਉਣਾ ਹੈ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਇੰਸਪੈਕਟਰ ਬਲਰਾਜ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਪੁਲਸ ਨੇ ਰੇਲਵੇ ਪੁਲ ਦੇ ਨਜ਼ਦੀਕ ਨਾਕਾਬੰਦੀ ਕਰਕੇ ਨਾਮਜ਼ਦ ਦੋਹਾਂ ਮੁਲਜ਼ਮਾਂ ਨੂੰ ਮੋਟਰਸਾਈਕਲ ’ਤੇ ਆਉਂਦੇ ਹੋਏ ਕਾਬੂ ਕੀਤਾ, ਜਿਨ੍ਹਾਂ ਤੋਂ ਤਲਾਸ਼ੀ ਲੈਣ ’ਤੇ 2 ਕਿੱਲੋ 01 ਗ੍ਰਾਮ ਆਈਸ ਡਰੱਗ ਅਤੇ 30 ਬੋਰ ਦਾ ਤੁਰਕੀ ਮੇਡ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਆਰਿਫਕੇ 'ਚ ਐੱਨ. ਡੀ. ਪੀ. ਐੱਸ. ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਅਤੇ ਨਸ਼ਾ ਤਸਕਰਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ ਅਤੇ ਅਦਾਲਤ 'ਚ ਪੇਸ਼ ਕਰਕੇ ਤੇ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤਸਕਰਾਂ ਵੱਲੋਂ ਹੈਰੋਇਨ ਆਦਿ ਨਸ਼ੀਲੇ ਪਦਾਰਥ ਅਤੇ ਪਿਸਤੌਲ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਏ ਗਏ ਹਨ। ਜਾਣਕਾਰੀ ਅਨੁਸਾਰ ਫੜ੍ਹੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
ਗੁਰਦਾਸਪੁਰ ਵਿਖੇ ਬੱਬਰ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
NEXT STORY