ਲੁਧਿਆਣਾ : ਬਿਊਟੀ ਪਾਰਲਰ 'ਚ ਫੇਸ਼ੀਅਲ ਕਰਵਾਉਣ ਦੇ ਬਹਾਨੇ ਆਈਆਂ ਦੋ ਸ਼ਾਤਰ ਔਰਤਾਂ ਵੱਲੋਂ ਘਰ ਦੇ ਅੰਦਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਔਰਤਾਂ ਮੌਕਾ ਪਾ ਕੇ ਅਲਮਾਰੀ 'ਚ ਰੱਖੇ ਸੋਨੇ ਦੇ ਗਹਿਣੇ ਸਮੇਟ ਕੇ ਰਫ਼ੂਚੱਕਰ ਹੋ ਗਈਆਂ। ਪੀੜਤਾ ਦੇ ਪਤੀ ਦੀ ਸ਼ਿਕਾਇਤ 'ਤੇ ਥਾਣਾ ਟਿੱਬਾ ਦੀ ਪੁਲਸ ਨੇ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਰੇਸ਼ਮਾ ਆਪਣੇ ਘਰ 'ਚ ਹੀ ਕਾਸਮੈਟਿਕਸ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਤਬੱਸੁਮ ਅਤੇ ਤਰੰਨੁਮ ਨਾਂ ਦੀਆਂ ਦੋ ਔਰਤਾਂ ਫੇਸ਼ੀਅਲ ਕਰਵਾਉਣ ਦੇ ਬਹਾਨੇ ਉਨ੍ਹਾਂ ਦੇ ਘਰ ਸਥਿਤ ਪਾਰਲਰ ਦੀ ਦੁਕਾਨ 'ਤੇ ਆਈਆਂ ਸਨ।
ਫੇਸ਼ੀਅਲ ਕਰਵਾਉਣ ਦੌਰਾਨ ਜਦੋਂ ਰੇਸ਼ਮਾ ਦਾ ਧਿਆਨ ਭਟਕਿਆ ਤਾਂ ਦੋਵਾਂ ਔਰਤਾਂ ਨੇ ਬੜੀ ਹੀ ਚਲਾਕੀ ਨਾਲ ਦੁਕਾਨ ਅਤੇ ਕਮਰੇ 'ਚ ਰੱਖੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਦਿੱਤਾ ਅਤੇ ਕੰਮ ਖ਼ਤਮ ਹੁੰਦੇ ਹੀ ਤੇਜ਼ੀ ਨਾਲ ਉੱਥੋਂ ਚਲੀਆਂ ਗਈਆਂ। ਔਰਤਾਂ ਦੇ ਜਾਣ ਤੋਂ ਬਾਅਦ ਜਦੋਂ ਰੇਸ਼ਮਾ ਨੇ ਸਾਮਾਨ ਸੰਭਾਲਿਆ ਤਾਂ ਗਹਿਣੇ ਗਾਇਬ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਚੋਰੀ ਹੋਏ ਸਾਮਾਨ ਵਿੱਚ 4 ਸੋਨੇ ਦੀਆਂ ਮੁੰਦਰੀਆਂ (ਅੰਗੂਠੀਆਂ), 1 ਸੋਨੇ ਦੀ ਚੇਨ, ਸੋਨੇ ਦੇ ਝੁਮਕੇ ਅਤੇ 2 ਸੋਨੇ ਦੇ ਕੋਕੇ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੇਹਾ ਕਤਲ ਕਾਂਡ 'ਚ ਫ਼ਰਾਰ ਪਤੀ ਤੇ ਸੱਸ ਦੀ ਉਜੈਨ ਤੋਂ ਗ੍ਰਿਫ਼ਤਾਰੀ, ਹੋਣਗੇ ਵੱਡੇ ਖ਼ੁਲਾਸੇ
NEXT STORY