ਨੂਰਪੁਰਬੇਦੀ (ਕੁਲਦੀਪ ਸ਼ਰਮਾ)-ਬੀਤੇ ਦਿਨੀਂ ਖੇਤਰ ਦੇ ਪਿੰਡ ਗੋਬਿੰਰਪੁਰ ਬੇਲਾ ਅਤੇ ਅਮਰਪੁਰਬੇਲਾ ਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ਨੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਤੁਰੰਤ ਇਕ ਵੱਡਾ ਐਕਸ਼ਨ ਲੈਂਦਿਆਂ ਹੋਇਆ ਮਾਫ਼ੀਆ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਕਿ ਮਾਈਨਿੰਗ ਸਰਗਣੇ ਉਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗਦੇ ਖੇਤਰ ’ਚ ਵੱਡੇ ਪੱਧਰ ’ਤੇ ਮਾਈਨਿੰਗ ਕਰ ਰਹੇ ਹਨ, ਜਿਸ ਕਾਰਨ ਨਾ ਸਿਰਫ਼ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਖ਼ਤਰਾ ਸਗੋਂ ਉਨ੍ਹਾਂ ਦੇ ਪਿੰਡਾਂ ਨੂੰ ਵੀ ਬਰਸਾਤਾਂ ਦੇ ਦਿਨਾਂ ’ਚ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਪਾਕਿ 'ਚ ਗ੍ਰਿਫ਼ਤਾਰ ਸ਼ਾਹਕੋਟ ਨੇ ਨੌਜਵਾਨ ਬਾਰੇ ਵੱਡੀ ਅਪਡੇਟ! ਭਾਰਤ ਆਉਣ ਤੋਂ ਕੀਤਾ ਇਨਕਾਰ, ਦੱਸਿਆ ਜਾਨ ਨੂੰ ਖ਼ਤਰਾ
ਇਸ ਤੋਂ ਬਾਅਦ ਜਦੋਂ ਲੋਕਾਂ ਨੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਸ਼ਨੀਵਾਰ ਆਪਣੀ ਟੀਮ ਵਿਚ ਸ਼ਾਮਲ ਬਲਾਕ ਸੰਮਤੀ ਮੈਂਬਰ ਤਿਲਕ ਰਾਜ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਨਾਗਰਾ ਦੇ ਨਾਲ ਮਾਈਨਿੰਗ ਵਿਭਾਗ ਦੇ ਐੱਸ. ਜੀ. ਓ. ਨਵਦੀਪ ਸਿੰਘ ਅਤੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਮੌਕੇ ’ਤੇ ਜਾਇਜ਼ਾ ਲੈਣ ਭੇਜਿਆ। ਇਸ ਦੌਰਾਨ ਜਾਇਜ਼ਾ ਲੈਣ ਮੌਕੇ ਸਭ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਨੇ ਅਮਰਪੁਰ ਬੇਲਾ ਤੇ ਗੋਬਿੰਦਪੁਰੀ ਦੀਆਂ ਜ਼ਮੀਨਾਂ ਤੋਂ ਪਾਰ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਅਗੰਮਪੁਰ ਵੱਲ ਤੋਂ ਮਾਈਨਿੰਗ ਕਰਨ ਵਾਲੇ ਮਾਫ਼ੀਆ ਨੇ ਦਰਿਆ ਦੇ ਅੰਦਰ-ਅੰਦਰ ਵੱਡੇ-ਵੱਡੇ ਪਾਈਪ ਪਾ ਕੇ ਇਕ ਆਪਣਾ ਹੀ ਪੁਲ ਤਿਆਰ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਪੰਜਾਬ ਲਈ ਨਵੀਂ ਆਬਕਾਰੀ ਨੀਤੀ ਦੀ ਤਿਆਰੀ! ਹੋ ਸਕਦੇ ਨੇ ਇਹ ਬਦਲਾਅ
ਇਸ ਤੋਂ ਬਾਅਦ ਵਿਧਾਇਕ ਦੀ ਟੀਮ ਨੇ ਤੁਰੰਤ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਅਤੇ ਉਨ੍ਹਾਂ ਨੇ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪੁਲ ਨੂੰ ਤੋੜਨ ਦੇ ਹੁਕਮ ਜਾਰੀ। ਲਗਭਗ ਇੱਕ ਘੰਟੇ ਦੀ ਕਸ਼ਮਕਸ਼ ਤੋਂ ਬਾਅਦ ਮਾਈਨਿੰਗ ਵਿਭਾਗ ਵੱਲੋਂ ਮੌਕੇ ’ਤੇ ਜੇ. ਸੀ. ਬੀ. ਮਸ਼ੀਨ ਬੁਲਾਈ ਗਈ ਅਤੇ ਵਿਧਾਇਕ ਚੱਢਾ ਦੀ ਭੇਜੀ ਹੋਈ ਟੀਮ ਅਤੇ ਲੋਕਾਂ ਨੇ ਖੁਦ ਮੌਕੇ ’ਤੇ ਖੜ੍ਹ ਕੇ ਇਸ ਪੁਲ ਨੂੰ ਤੁੜਵਾ ਕੇ ਨਾ ਸਿਰਫ਼ ਮਾਈਨਿੰਗ ਮਾਫ਼ੀਆ ਦਾ ਵੱਡਾ ਕਿਲਾ ਢਾਇਆ ਹੈ ਸਗੋਂ ਉਨ੍ਹਾਂ ਦੀ ਕਮਰ ਵੀ ਤੋੜ ਦਿੱਤੀ ਕਿਉਂਕਿ ਇਸ ਪੁਲ ਰਾਈ ਹੀ ਮਾਈਨਿੰਗ ਕਰਨ ਵਾਲੀਆਂ ਮਸ਼ੀਨਾਂ ਅਤੇ ਵੱਡੇ-ਵੱਡੇ ਟਿੱਪਰ ਨੂਰਪੁਰਬੇਦੀ ਵਾਲੀ ਸਾਈਡ ’ਤੇ ਲੱਗਦੀਆਂ ਜ਼ਮੀਨਾਂ ਵੱਲ ਨੂੰ ਆ ਕੇ ਰਾਤ ਦੇ ਹਨੇਰੇ ਵਿਚ ਵੱਡੇ ਪੱਧਰ ’ਤੇ ਮਾਈਨਿੰਗ ਨੂੰ ਅੰਜਾਮ ਦਿੰਦੇ ਸਨ, ਜਿਸ ਕਾਰਨ ਉੱਥੇ ਇੰਨੇ ਵੱਡੇ-ਵੱਡੇ ਟੋਏ ਪੈ ਗਏ ਸੀ ਕਿ ਜਿਨ੍ਹਾਂ ਨੂੰ ਵੇਖਣ ਲੱਗਿਆ ਵੀ ਡਰ ਲੱਗਦਾ ਸੀ। ਇਸ ਮੌਕੇ ਗੱਲ ਕਰਦਿਆਂ ਸੰਮਤੀ ਮੈਂਬਰ ਸਤਨਾਮ ਨਾਗਰਾ ਨੇ ਕਿਹਾ ਕਿ ਵਿਧਾਇਕ ਚੱਢਾ ਦਾ ਪਹਿਲੇ ਦਿਨ ਤੋਂ ਹੀ ਆਪਣਾ ਸਟੈਂਡ ਮਾਈਨਿੰਗ ਦੇ ਖ਼ਿਲਾਫ਼ ਕਾਇਮ ਹੈ।

ਉਨ੍ਹਾਂ ਨੇ ਆਪਣੇ ਹਲਕੇ ’ਚ ਨਾ ਕਦੀ ਪਹਿਲਾਂ ਮਾਈਨਿੰਗ ਹੋਣ ਦਿੱਤੀ ਸੀ ਅਤੇ ਨਾ ਹੁਣ ਹੋਣ ਦੇਣਗੇ ਅਤੇ ਨਾ ਹੀ ਭਵਿੱਖ ’ਚ ਕਦੇ ਮਾਈਨਿੰਗ ਕਰਨ ਦੇਣਗੇ। ਸੰਮਤੀ ਮੈਂਬਰ ਤਿਲਕ ਰਾਜ ਪੰਮਾ ਨੇ ਕਿਹਾ ਕਿ ਜਿੱਥੇ ਵਿਧਾਇਕ ਚੱਢਾ ਲਈ ਇਲਾਕੇ ਦੇ ਲੋਕ ਤੇ ਇਲਾਕਾ ਪਹਿਲਾ ਹੈ ਇਸ ਲਈ ਜਦੋਂ ਵੀ ਹਲਕਾ ਰੂਪਨਗਰ ਦੇ ਕਿਸੇ ਪਿੰਡ ਨੂੰ ਸਮੱਸਿਆ ਆਵੇਗੀ ਤਾਂ ਉਨ੍ਹਾਂ ਨੂੰ ਹੱਲ ਕਰਨ ਲਈ ਹਲਕਾ ਵਿਧਾਇਕ ਚੱਢਾ ਅਤੇ ਉਨ੍ਹਾਂ ਦੀ ਟੀਮ ਕਦੇ ਵੀ ਪਿੱਛੇ ਨਹੀਂ ਹਟੇਗੀ। ਇਸ ਲਈ ਅੱਜ ਵੀ ਇਹ ਮਾਈਨਿੰਗ ਮਾਫ਼ੀਆ ਦੀ ਚੈਨ ਤੋੜਨ ਲਈ ਉਹ ਇਥੇ ਪਹੁੰਚੇ ਹਨ।
ਇਸ ਮੌਕੇ ਮੌਜੂਦ ਵੱਖ-ਵੱਖ ਪਿੰਡ ਵਾਸੀਆਂ ’ਚ ਮਾਈਨਿੰਗ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਧੂ ਬੇਲਾ , ਸਰਪੰਚ ਵਿਜੇ ਕੁਮਾਰ , ਸਰਪੰਚ ਅਜਮੇਰ ਸਿੰਘ, ਸਰਪੰਚ ਵਿਜੇ ਕੁਮਾਰ, ਸਰਪੰਚ ਰਣਜੀਤ ਸਿੰਘ, ਸਰਪੰਚ ਅਜਮੇਰ ਸਿੰਘ, ਨੰਬਰਦਾਰ ਜਵਾਲਾ ਸਿੰਘ, ਲਖਬੀਰ ਸਿੰਘ , ਰੱਬ ਦਿਆਲ ਨੰਬਰਦਾਰ, ਸੁਖਵਿੰਦਰ ਸਿੰਘ ਬਿੰਦੂ , ਗੁਰਬਖਸ਼ ਸਿੰਘ, ਲਾਲ ਸਿੰਘ ,ਮਨੋਹਰ ਲਾਲ, ਅਮਰਜੀਤ ਸਿੰਘ, ਸੁਖਦੇਵ ਸਿੰਘ, ਯੂਥ ਪ੍ਰੈਜੀਡੈਂਟ ਮੋਹਿਤ ਸ਼ਰਮਾ, ਜਸਵਿੰਦਰ, ਕੁਲਵਿੰਦਰ ਸਿੰਘ ਨੇ ਵੀ ਵਿਧਾਇਕ ਚੱਢਾ ਵੱਲੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਕੀਤੀ ਗਈ, ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ਾਸਨ ਦੀ ਕਾਰਵਾਈ ਅਤੇ ਸੰਤੁਸ਼ਟੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਸਬੰਧੀ ਵਿਭਾਗ ਨੇ ਦਿੱਤੀ 5 ਦਿਨਾਂ ਲਈ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ 31 ਤੱਕ Alert

ਆਖਰ ਕਿਸ ਦੀ ਸ਼ਹਿ ’ਤੇ ਬਣਾਇਆ ਗਿਆ ਸਤਲੁਜ ਦਰਿਆ ਦੇ ਅੰਦਰ ਆਰਜੀ ਪੁਲ ਹੈ, ਇਸ ਲਈ ਜ਼ਿੰਮੇਵਾਰ ਕੌਣ
ਇਥੇ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਜਿੱਥੇ ਸਰਕਾਰਾਂ ਨੂੰ ਪੁਲ ਬਣਾਉਣ ਲਈ ਕਈ-ਕਈ ਸਾਲ ਲੱਗ ਜਾਂਦੇ ਹਨ ਉੱਥੇ ਸਤਲੁਜ ਦਰਿਆ ਦੇ ਅੰਦਰ ਵੱਡੇ-ਵੱਡੇ ਪਾਈਪ ਪਾ ਕੇ ਮਾਈਨਿੰਗ ਮਾਫ਼ੀਆ ਵੱਲੋਂ ਬਣਾਇਆ ਗਿਆ ਇਹ ਆਰਜੀ ਪੁਲ ਆਖਰ ਕਿਸ ਦੀ ਸ਼ਹਿ ’ਤੇ ਬਣਾਇਆ ਗਿਆ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਸਬੰਧੀ ਮੌਕੇ ਪਹੁੰਚੇ ਅਧਿਕਾਰੀਆਂ ਨੂੰ ਵੀ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਪੁਲ ਬਾਰੇ ਕੁਝ ਵੀ ਪਤਾ ਨਹੀਂ, ਹੁਣ ਇੱਥੇ ਵੱਡਾ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਕਿ ਆਖਰ ਜਦੋਂ ਉਨ੍ਹਾਂ ਵੱਲੋਂ ਮਾਈਨਿੰਗ ਸਾਈਟਾਂ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੇ ਇਹ ਪੁਲ ਕਿਉਂ ਨਹੀਂ ਵੇਖਿਆ ਜਾਂ ਉਹ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ।
ਕਵਰੇਜ ਕਰਨ ਮੌਕੇ ਮਾਈਨਿੰਗ ਵਿਭਾਗ ਦੇ ਐੱਸ.ਜੀ.ਓ. ਨੇ ਪੱਤਰਕਾਰਾਂ ਨਾਲ ਕੀਤੀ ਤਿੱਖੀ ਬਹਿਸਬਾਜ਼ੀ
ਇਸ ਮੌਕੇ ਜਦੋਂ ਲੋਕਾਂ ਵੱਲੋਂ ਮੌਕੇ ’ਤੇ ਪਹੁੰਚੇ ਹੋਏ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਨਵਦੀਪ ਸਿੰਘ ਦੇ ਨਾਲ ਸਵਾਲ ਜਵਾਬ ਕੀਤੇ ਜਾ ਰਹੇ ਸਨ ਤਾਂ ਉਸ ਦੌਰਾਨ ਇੱਥੇ ਮੌਜੂਦ ਪੱਤਰਕਾਰਾਂ ਵੱਲੋਂ ਜਦੋਂ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਐੱਸ. ਡੀ. ਓ. ਵੱਲੋਂ ਇਹ ਕਹਿ ਕੇ ਪੱਤਰਕਾਰਾਂ ਦੇ ਨਾਲ ਤਿੱਖੀ ਬਹਿਸਬਾਜ਼ੀ ਕੀਤੀ ਕਿ ਉਹ ਆਪਣੀ ਵੀਡੀਓ ਕਿਸੇ ਨੂੰ ਨਹੀਂ ਬਣਾਉਣ ਦੇਣਗੇ ਅਤੇ ਨਾ ਹੀ ਉਹ ਆਪਣੀ ਫੋਟੋ ਖਿੱਚਣ ਜਾਣਗੇ ਪਰ ਇਸ ਦੌਰਾਨ ਆਏ ਹੋਏ ਪੱਤਰਕਾਰਾਂ ਨੇ ਜਦੋਂ ਇਸ ਅਧਿਕਾਰੀ ਨੂੰ ਇਹ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਚੁੱਕਣ ਲਈ ਆਏ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਰੋਕਣਾ ਬਿਲਕੁਲ ਗੈਰ ਸੰਵਿਧਾਨਿਕ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਲੁੱਟ! SBI ਦੇ ATM 'ਚ ਵੱਡਾ ਡਾਕਾ, ਕਰੀਬ 29 ਲੱਖ ਦਾ ਲੁਟਿਆ ਕੈਸ਼
ਲੋਕਾਂ ਦੀ ਸ਼ਿਕਾਇਤ ਦੇ ਅਨੁਸਾਰ ਕੀਤੀ ਉਚਿਤ ਕਾਰਵਾਈ ’ਤੇ ਰਿਪੋਰਟ ਬਣਾ ਕੇ ਭੇਜੀ ਉੱਚ ਅਧਿਕਾਰੀਆਂ ਨੂੰ
ਇਸ ਦੌਰਾਨ ਅੰਤ ਵਿਚ ਜਾਣਕਾਰੀ ਦਿੰਦਿਆਂ ਹੋਇਆ ਆਏ ਹੋਏ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਨਵਦੀਪ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤ ਅਤੇ ਵਿਧਾਇਕ ਚੱਢਾ ਦੇ ਹੁਕਮਾਂ ਤੋਂ ਬਾਅਦ ਮੌਕਾ ਆ ਕੇ ਵੇਖਿਆ ਗਿਆ ਅਤੇ ਜਿੱਥੇ ਕਿਤੇ ਗੈਰ-ਕਾਨੂੰਨੀ ਇਹ ਮਾਈਨਿੰਗ ਕੀਤੀ ਗਈ ਹੈ, ਉਸ ਸਬੰਧੀ ਅਤੇ ਜੋ ਦਰਿਆ ਦੇ ਅੰਦਰ ਆਰਜੀ ਪੁਲ ਬਣਾਇਆ ਗਿਆ ਹੈ ਉਸ ਦੀ ਵੀ ਰਿਪੋਰਟ ਬਣਾ ਕੇ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਭੇਜੀ ਗਈ ਹੈ ਅਤੇ ਜਲਦ ਹੀ ਇਸ ਸਬੰਧੀ ਜ਼ਿੰਮੀਦਾਰ ਵਿਅਕਤੀ ਅਤੇ ਜ਼ਮੀਨ ਦੇ ਮਾਲਕ ਦੇ ਖ਼ਿਲਾਫ਼ ਜਿੱਥੇ ਮਾਈਨਿੰਗ ਹੋਈ ਹੈ ਉਸ ਤੇ ਪਰਚਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਰਹਿੰਦ ਪੁਲ ਨਾਲ ਛੇੜਛਾੜ! ਦਿਨ-ਦਿਹਾੜੇ ਪਲੇਟਾਂ ਤੇ ਨਟ ਬੋਲਟ ਚੋਰੀ, ਮਸਾਂ ਹੋਇਆ ਬਚਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਦੀ ਨਵੀਂ ਵੀਬੀ.-ਜੀ ਰਾਮ ਜੀ ਸਕੀਮ ਮਨਰੇਗਾ ਮਜ਼ਦੂਰਾਂ ਤੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ : ਸੌਂਦ
NEXT STORY