ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਹਲਕੇ ਦੀ ਸਿਆਸਤ ’ਚ ਨਾਟਕੀ ਢੰਗ ਨਾਲ ਇਕ ਵੱਡਾ ਫੇਰਬਦਲ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਜਿਨ੍ਹਾਂ ਨੂੰ ਕਰੀਬ ਇਕ ਸਾਲ ਬਾਅਦ ਮਾਣਯੋਗ ਹਾਈਕੋਰਟ ਦੇ ਹੁਕਮਾਂ ’ਤੇ ਬਹਾਲ ਕੀਤਾ ਗਿਆ ਸੀ, ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਇਸ ਤੋਂ ਇਲਾਵਾ ਸਮਾਜ ਸੇਵੀ ਕੁਲਵੰਤ ਸਿੰਘ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਮੌਜੂਦਗੀ ’ਚ ਦੋਵਾਂ ਆਗੂਆਂ ਦਾ ‘ਆਪ’ ਪਰਿਵਾਰ ’ਚ ਸਵਾਗਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਪ੍ਰੈੱਸ ਕਾਨਫ਼ਰੰਸ 'ਚ ਫੁੱਟ-ਫੁੱਟ ਕੇ ਰੋ ਪਿਆ ਅੰਮ੍ਰਿਤਪਾਲ ਸਿੰਘ ਮਹਿਰੋਂ, ਆਖ਼ੀਆਂ ਇਹ ਗੱਲਾਂ (ਵੀਡੀਓ)
ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਰਾਜਪਾਲ ਪੰਜਾਬ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ’ਤੇ ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਪ੍ਰਸ਼ਾਸਨ ਨੂੰ ਨਵੀਂ ਚੋਣ ਕਰਾਉਣ ਦਾ ਹੁਕਮ ਦਿੱਤਾ ਸੀ, ਜਿਸ ’ਤੇ ਉਸ ਮੌਕੇ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਰੁਪਿੰਦਰ ਸ਼ੀਤਲ ਬੰਟੀ ਨੂੰ ਨਵਾਂ ਪ੍ਰਧਾਨ ਚੁਣ ਲਿਆ ਸੀ, ਸਰਕਾਰ ਦੇ ਇਸ ਫੈਸਲੇ ਨੂੰ ਗੁਰਜੀਤ ਸਿੰਘ ਰਾਮਨਵਾਸੀਆ ਨੇ ਮਾਣਯੋਗ ਹਾਈਕੋਰਟ ’ਚ ਇਸ ਨੂੰ ਚੁਣੌਤੀ ਦਿੱਤੀ ਸੀ ਅਤੇ ਬੀਤੇ ਸੋਮਵਾਰ ਨੂੰ ਮਾਣਯੋਗ ਹਾਈਕੋਰਟ ਨੇ ਆਪਣੇ ਦਿੱਤੇ ਫ਼ੈਸਲੇ ’ਚ ਗੁਰਜੀਤ ਸਿੰਘ ਰਾਮਨਵਾਸੀਆ ਦੀ ਪ੍ਰਧਾਨਗੀ ਨੂੰ ਬਰਕਰਾਰ ਰੱਖਿਆ ਸੀ।
ਮੀਤ ਪ੍ਰਧਾਨ ਦੀ ਚੋਣ ’ਤੇ ਵੀ ਪਵੇਗਾ ਅਸਰ
ਦੂਜੇ ਪਾਸੇ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਦੀ ਚੋਣ ਹੋਏ ਨੂੰ ਵੀ ਲੰਬਾ ਸਮਾਂ ਹੋ ਗਿਆ ਸੀ ਜਿਸ ਸਬੰਧੀ 18 ਨਗਰ ਕੌਂਸਲਰਾਂ ਨੇ ਮਾਣਯੋਗ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ ’ਤੇ ਬੀਤੀ 17 ਸਤੰਬਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਮੀਤ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਰੱਖ ਲਈ ਗਈ ਸੀ ਪਰ 16 ਸਤੰਬਰ ਨੂੰ ਹੀ ਗੁਰਜੀਤ ਸਿੰਘ ਦੇ ਹੱਕ ’ਚ ਪ੍ਰਧਾਨਗੀ ਵਾਲਾ ਫੈਸਲਾ ਆਉਣ ਦੇ ਕਾਰਨ ਨਗਰ ਕੌਂਸਲਰਾਂ ਦੇ ਹੌਸਲੇ ਬੁਲੰਦ ਸਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਇਸ ਚੋਣ ਨੂੰ 24 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਸੀ। ਆਉਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਮੀਤ ਪ੍ਰਧਾਨ ਦੀ ਚੋਣ ਸੱਤਾਧਾਰੀ ਧਿਰ ਲਈ ਜਿੱਤਣੀ ਬਹੁਤ ਜ਼ਰੂਰੀ ਹੋ ਗਈ ਸੀ ਪਰ ਅੱਜ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਕਾਰਨ ਸਾਰੇ ਸਮੀਕਰਨ ਹੀ ਬਦਲ ਗਏ ਹਨ। ਗੁਰਜੀਤ ਸਿੰਘ ਰਾਮਨਵਾਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਰੋਧੀਆਂ ਨੂੰ ਤਕੜੀ ਸਿਆਸੀ ਪਟਕਨੀ ਦਿੱਤੀ ਗਈ ਹੈ, ਉੱਥੇ ਹੀ ਪਾਰਟੀ ਅੰਦਰ ਵੀ ਉਨ੍ਹਾਂ ਦਾ ਕੱਦ ਉੱਚਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਡੇਰਾ ਮੁਖੀ ਦਾ ਸ਼ਰਮਨਾਕ ਕਾਰਾ! ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫ਼ਰਿਆਦ ਲੈ ਕੇ ਗਈ ਭੈਣ ਦੀ ਰੋਲ਼ੀ ਪੱਤ
ਸਿਆਸੀ ਸਮੀਕਰਨਾਂ ’ਚ ਵੱਡਾ ਬਦਲਾਅ
ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਦੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰਨ ਨਾਲ ਸਿਆਸੀ ਸਮੀਕਰਨ ਬਦਲ ਚੁਕੇ ਹਨ। ਸੰਸਦ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਗੁਰਜੀਤ ਸਿੰਘ ਨੇ ਕਾਂਗਰਸ ਛੱਡ ਕੇ ਝਾੜੂ ਦਾ ਹੱਥ ਫੜਿਆ। ਇਸ ਕਦਮ ਨਾਲ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਵਿਰੋਧੀਆਂ ਨੂੰ ਇਕ ਵੱਡੀ ਸਿਆਸੀ ਪਟਕਨੀ ਦਿੱਤੀ ਹੈ। ਇਸ ਨਾਲ ਸਿਆਸੀ ਮਾਹੌਲ ’ਚ ਇਕ ਨਵੀਂ ਦਿਸ਼ਾ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਗੁਰਜੀਤ ਸਿੰਘ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਲਈ ਇਕ ਵੱਡਾ ਸਿਆਸੀ ਫਾਇਦਾ ਮੰਨਿਆ ਜਾ ਰਿਹਾ ਹੈ।
ਤਿਆਰੀਆਂ ਰਹਿ ਗਈਆਂ ਧਰੀਆਂ ਦੀਆਂ ਧਰੀਆਂ
ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਰਾਮਨਵਾਸਿਆਂ ਦੇ ਨਾਲ ਖੜੇ ਨਗਰ ਕੌਂਸਲਰਾਂ ਵੱਲੋਂ ਬੀਤੇ ਕੱਲ ਤੋਂ ਹੀ ਉਨ੍ਹਾਂ ਨੂੰ ਮੁੜ ਤੋਂ ਪ੍ਰਧਾਨਗੀ ਦੀ ਕੁਰਸੀ ’ਤੇ ਬਿਠਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਦੇ ਦਫਤਰ ਨੂੰ ਚੰਗੀ ਤਰ੍ਹਾਂ ਚਮਕਾਇਆ ਜਾ ਰਿਹਾ ਸੀ। ਗੁਰਜੀਤ ਸਿੰਘ ਰਾਮਨਵਾਸੀਆ ਕੱਲ ਸਵੇਰੇ ਜਲੰਧਰ ਇਕ ਪੇਸ਼ੀ ’ਤੇ ਗਏ ਸਨ ਅਤੇ ਦੁਪਹਿਰ ਬਾਅਦ ਉਨ੍ਹਾਂ ਵੱਲੋਂ ਚਾਰਜ ਸੰਭਾਲਣ ਦੀ ਚਰਚਾ ਚੱਲ ਰਹੀ ਸੀ। ਜਿਸ ਸਬੰਧੀ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਵੀ ਨਗਰ ਕੌਂਸਲ ’ਚ ਮੰਗਵਾ ਲਏ ਗਏ ਸਨ ਪਰ ਗੁਰਜੀਤ ਸਿੰਘ ਰਾਮਨਵਾਸੀਆ ਬਰਨਾਲਾ ਵਿਖੇ ਨਹੀਂ ਪੁੱਜੇ ਅਤੇ ਅੱਜ ਜਦੋਂ ਨਗਰ ਕੌਂਸਲ ’ਚ ਪਤਾ ਲੱਗ ਗਿਆ ਕਿ ਪ੍ਰਧਾਨ ‘ਆਪ’ ’ਤੇ ਹੋ ਗਏ ਹਨ ਤਾਂ ਉਨ੍ਹਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਹੀ ਰਹਿ ਗਏ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਕੰਪਨੀ ਹੱਲ ਕਰਨ ਜਾ ਰਹੀ ਵੱਡੀ ਸਮੱਸਿਆ, CM ਮਾਨ ਨੇ ਕਰ 'ਤਾ ਵੱਡਾ ਐਲਾਨ
ਸਿਆਸੀ ਭਵਿੱਖ ’ਤੇ ਅਸਰ
ਇਹ ਸਿਆਸੀ ਫੇਰਬਦਲ ਬਰਨਾਲਾ ਦੀ ਜ਼ਿਮਨੀ ਚੋਣਾਂ ਲਈ ਨਵੇਂ ਚਰਚਿਆਂ ਨੂੰ ਜਨਮ ਦੇ ਰਿਹਾ ਹੈ। ਆਮ ਆਦਮੀ ਪਾਰਟੀ ’ਚ ਗੁਰਜੀਤ ਸਿੰਘ ਦੀ ਸ਼ਮੂਲੀਅਤ ਨੇ ਪਾਰਟੀ ਦੇ ਹਮਾਇਤੀਆਂ ’ਚ ਨਵੀਂ ਜ਼ਿੰਦਗੀ ਫੂਕ ਦਿੱਤੀ ਹੈ। ਇਸ ਨਾਲ ਸਿਆਸੀ ਪਾਰਟੀਆਂ ’ਚ ਹਲਚਲ ਵੱਧ ਗਈ ਹੈ ਅਤੇ ਆਮ ਆਦਮੀ ਪਾਰਟੀ ਦੀ ਸਥਾਨਕ ਪਕੜ ਹੋਰ ਮਜ਼ਬੂਤ ਹੋਈ ਹੈ। ਇਹ ਫੇਰਬਦਲ ਸਿਆਸੀ ਮਾਹੌਲ ’ਤੇ ਕਿਹੋ ਜਿਹਾ ਅਸਰ ਪਵੇਗਾ, ਇਹ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ ਪਰ ਗੁਰਜੀਤ ਸਿੰਘ ਦਾ ਆਮ ਆਦਮੀ ਪਾਰਟੀ ’ਚ ਆਉਣਾ ਕਾਂਗਰਸ ਲਈ ਇਕ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ
NEXT STORY