ਨਵਾਂਸ਼ਹਿਰ (ਤ੍ਰਿਪਾਠੀ,ਸੰਜੀਵ)- ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਵਿਚ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਇਹ ਐਨਕਾਊਂਟਰ ਸੋਨੂੰ ਖੱਤਰੀ ਗੈਂਗ ਦੇ ਦੋ ਗੁਰਗਿਆਂ ਨਾਲ ਹੋਇਆ। ਕਾਬੂ ਕਰਨ ਗਈ ਪੁਲਸ 'ਤੇ ਸੋਨੂੰ ਖੱਤਰੀ ਦੇ ਗੁਰਗਿਆਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਜਵਾਬੀ ਕਾਰਵਾਈ ਵਿਚ ਪੁਲਸ ਵੱਲੋਂ ਵੀ ਗੋਲ਼ੀਆਂ ਚਲਾਈਆਂ ਗਈਆਂ ਹਨ। ਮੁਕਾਬਲੇ ਦੌਰਾਨ ਪੁਲਸ ਵੱਲੋਂ ਦੋਵੇਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਬਦਮਾਸ਼ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਸ਼ਵਿੰਦਰ ਈਸ਼ੂ ਅਤੇ ਅਮਨ ਵਾਸੀ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਲਾਗੂ ਕੀਤਾ ਨਵਾਂ ਸਿਸਟਮ, ਹੁਣ ਬਿਜਲੀ ਬਿੱਲ...

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 29 ਅਕਤੂਬਰ ਨੂੰ ਥਾਣਾ ਬਹਿਰਾਮ ਅਧੀਨ ਪੈਂਦੇ ਪਿੰਡ ਮੰਢਾਲੀ ਨਿਵਾਸੀ ਧਰਮਿੰਦਰ ਪੁੱਤਰ ਗੁਰਨਾਮ ਸਿੰਘ 'ਤੇ ਮਾਰੂਤੀ ਕਾਰ ਸਵਾਰ ਚਾਰ ਵਿਅਕਤੀਆਂ ਨੇ ਮਾਰਨ ਦੇ ਇਰਾਦੇ ਨਾਲ ਗੋਲ਼ੀਬਾਰੀ ਕੀਤੀ ਸੀ, ਜਿਸ ਵਿੱਚ ਧਰਮਿੰਦਰ ਵਾਲ-ਵਾਲ ਬਚ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਐੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਵਾਹੀਆ, ਡੀ. ਐੱਸ. ਪੀ. ਬੰਗਾ ਹਰਜੀਤ ਸਿੰਘ, ਸੀ. ਆਈ. ਏ. ਇੰਚਾਰਜ ਅਤੇ ਐੱਸ. ਐੱਚ. ਓ. ਬਹਿਰਾਮ ਦੀ ਅਗਵਾਈ ਹੇਠ ਬਣਾਈ ਗਈ ਇਕ ਟੀਮ ਨੇ ਜਾਂਚ ਕਰਨ ਤੋਂ ਬਾਅਦ ਮਾਮਲੇ ਦੇ ਚਾਰ ਮੁਲਜ਼ਮਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚ ਸੰਦੀਪ ਵਾਸੀ ਬਹਿਰਾਮ, ਅਭੈ ਵਾਸੀ ਜਲੰਧਰ, ਇਸ਼ਵਿੰਦਰ ਉਰਫ਼ ਈਸ਼ੂ ਅਤੇ ਅਮਨ ਸ਼ਾਮਲ ਸਨ। ਸੰਦੀਪ ਅਤੇ ਅਭੈ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਸੂਤਰਾਂ ਅਨੁਸਾਰ ਬਹਿਰਾਮ ਥਾਣੇ ਅਧੀਨ ਪੈਂਦੇ ਪਿੰਡ ਮੰਢਾਲੀ ਦੇ ਵਸਨੀਕ ਧਰਮਿੰਦਰ ਪੁੱਤਰ ਗੁਰਨਾਮ ਸਿੰਘ ਨੂੰ ਮਾਰਨ ਦੀ ਫਿਰੌਤੀ ਕੈਨੇਡਾ ਵਿੱਚ ਬੈਠੇ ਧਰਮਿੰਦਰ ਪੁੱਤਰ ਅਜੀਤ ਸਿੰਘ ਮੂਲ ਵਾਸੀ ਪਿੰਡ ਮੰਢਾਲੀ ਅਤੇ ਉਸ ਦੇ ਚਾਚਾ ਦਾਰਾ ਸਿੰਘ ਇੰਗਲੈਂਡ ਨੇ ਦਿੱਤੀ ਸੀ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ 'ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ

ਇਨਪੁਟ ਮਿਲਣ ਮਗਰੋਂ ਅੱਜ ਪਿੰਡ ਖਾਨਖੰਨਾ ਮੁਕੰਦਪੁਰ ਵਿਚ ਪੁਲਸ ਟੀਮਾਂ ਭੇਜੀਆਂ ਗਈਆਂ। ਸੀ. ਆਈ. ਏ. ਸਟਾਫ਼ ਅਤੇ ਪੁਲਸ ਥਾਣਾ ਬਹਿਰਾਮ ਦੀਆਂ ਟੀਮਾਂ ਨੇ ਇਨ੍ਹਾਂ ਬਦਮਾਸ਼ਾਂ ਨੂੰ ਘੇਰਾ ਪਾਇਆ ਤਾਂ ਦੋਹਾਂ ਨੇ ਪੁਲਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਬਦਮਾਸ਼ਾਂ ਕੋਲੋਂ ਦੋ ਹਥਿਆਰ ਸਨ। ਪੁਲਸ 'ਤੇ 6 ਗੋਲ਼ੀਆਂ ਚਲਾਈਆਂ ਗਈਆਂ ਹਨ। ਜਵਾਬੀ ਕਾਰਵਾਈ ਵਿਚ ਦੋਵੇਂ ਬਦਮਾਸ਼ਾਂ ਦੀਆਂ ਲੱਤਾਂ 'ਚ ਗੋਲ਼ੀਆਂ ਲੱਗੀਆਂ ਹਨ। ਪੁਲਸ ਸੂਤਰਾਂ ਅਨੁਸਾਰ ਰਾਜੂ ਔਲਖ ਨੂੰ ਅਮਰੀਕਾ ਬੁਲਾਉਣ ਵਾਲੇ ਗੈਂਗਸਟਰ ਸੋਨੂੰ ਖੱਤਰੀ ਨੇ ਧਰਮਿੰਦਰ ਪੁੱਤਰ ਅਜੀਤ ਸਿੰਘ ਨਾਲ ਸੌਦਾ ਕੀਤਾ ਸੀ, ਜਿਸ ਨੇ ਗ੍ਰਿਫ਼ਤਾਰ ਮੁਲਜ਼ਮ ਸੰਦੀਪ, ਅਭੈ, ਇਸ਼ਵਿੰਦਰ ਅਤੇ ਅਮਨ ਅਤੇ ਹਰਮਨ ਨੇ ਧਰਮਿੰਦਰ ਪੁੱਤਰ ਗੁਰਨਾਮ ਦੇ ਘਰ ਦੀ ਰੇਕੀ ਕੀਤੀ ਸੀ। ਪੁਲਸ ਸੂਤਰਾਂ ਅਨੁਸਾਰ ਵਿਦੇਸ਼ ਬੈਠੇ ਗੈਂਗਸਟਰਾਂ ਨੇ ਧਰਮਿੰਦਰ ਪੁੱਤਰ ਗੁਰਨਾਮ ਨੂੰ ਮਾਰਨ ਤੇ ਦੋਵਾਂ ਮੁਲਜ਼ਮਾਂ ਨੂੰ ਅਮਰੀਕਾ ਬੁਲਾਉਣ ਅਤੇ ਬਾਕੀਆਂ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ ਸੀ।

ਐੱਸ. ਐੱਸ. ਪੀ. ਡਾ. ਮਹਿਤਾਬ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਅਤੇ ਅਭੈ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਉਨ੍ਹਾਂ ਦੇ ਗਿਰੋਹ ਦੇ ਮੁਲਜ਼ਮਾਂ ਨੇ ਬਹਿਰਾਮ ਥਾਣੇ ਅਧੀਨ ਆਉਂਦੇ ਪਿੰਡਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਬਾਕੀ ਮੁਲਜ਼ਮ, ਇਸ਼ਵਿੰਦਰ ਅਤੇ ਅਮਨ ਬਹਿਰਾਮ ਥਾਣੇ ਅਧੀਨ ਆਉਂਦੇ ਪਿੰਡ ਖਾਨਖਾਨਾ ਵਿੱਚ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮਾਂ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਪੁਲਸ 'ਤੇ ਛੇ ਗੋਲ਼ੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਗੋਲ਼ੀਆਂ ਐੱਸ. ਐੱਚ. ਓ. ਦੀ ਗੱਡੀ ਨੂੰ ਲੱਗੀਆਂ। ਉਨ੍ਹਾਂ ਅੱਗੇ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਪੁਲਸ ਨੇ ਜਵਾਬੀ ਗੋਲ਼ੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਦੋ ਗੋਲ਼ੀਆਂ ਇਸ਼ਵਿੰਦਰ ਦੀ ਲੱਤ ਵਿੱਚ ਲੱਗੀਆਂ ਅਤੇ ਇਕ ਗੋਲ਼ੀ ਅਮਨ ਦੀ ਲੱਤ ਵਿੱਚ ਲੱਗੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਇਕ ਪਿਸਤੌਲ ਸਮੇਤ ਦੋ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ਼ਵਿੰਦਰ ਅਤੇ ਅਮਨ ਵਿਰੁੱਧ ਪਹਿਲਾਂ ਹੀ ਬਿਆਸ ਨੇੜੇ ਇਕ ਪਿੰਡ ਵਿੱਚ ਕਤਲ ਅਤੇ ਗੜ੍ਹਸ਼ੰਕਰ ਵਿੱਚ ਗੋਲ਼ੀਬਾਰੀ ਦੇ ਮਾਮਲੇ ਦਰਜ ਹਨ। ਪੁਲਸ ਵੱਲੋਂ ਦੋਵੇਂ ਮੁਲਜ਼ਮ ਇਸ਼ਵਿੰਦਰ ਈਸ਼ੂ ਅਤੇ ਅਮਨ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਪੁੱਛਗਿੱਛ ਵਿਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾ. ਮਹਿਤਾਬ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਸ ਨੇ ਗੈਂਗਸਟਰ ਸੋਨੂੰ ਖੱਤਰੀ ਅਤੇ ਰਾਜੂ ਔਲਖ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ: Punjab:ਸੜਕ ਹਾਦਸੇ ਨੇ ਉਜਾੜ 'ਤਾ ਘਰ! ਮਾਸੀ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਥਾਣਾ ਬੱਧਨੀ ਕਲਾਂ ਪੁਲਸ ਵੱਲੋਂ ਹੈਰੋਇਨ ਸਮੇਤ 2 ਗ੍ਰਿਫ਼ਤਾਰ
NEXT STORY