ਲਹਿਰਾਗਾਗਾ (ਗਰਗ): ਸ਼ਹਿਰ ਦੇ ਵਾਰਡ ਨੰਬਰ 12 ਅੰਦਰ ਤਿੰਨ ਨਕਾਬਪੋਸ਼ਾਂ ਵੱਲੋਂ ਇਕ ਘਰ ਵਿਚ ਦਾਖ਼ਲ ਹੋ ਕੇ ਬਜ਼ੁਰਗ ਮਹਿਲਾ ਦੇ ਹੱਥ ਪੈਰ ਬੰਨ੍ਹਣ ਤੋਂ ਬਾਅਦ ਉਸ ਦੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਤੇ ਫ਼ਿਰ ਲੁੱਟ ਖਸੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ। ਇਸ ਘਟਨਾ ਨੇ ਸ਼ਹਿਰ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਅਨੁਸਾਰ ਅਗਰਵਾਲ ਪਰਿਵਾਰ ਨਾਲ ਸਬੰਧਿਤ ਕ੍ਰਿਸ਼ਨ ਕੁਮਾਰ ਉਰਫ ਨੀਟਾ ਆਪਣੀ ਮਾਤਾ ਦੇ ਨਾਲ ਵਾਰਡ ਨੰਬਰ 12 ਵਿਚ ਰਹਿੰਦਾ ਸੀ, ਬੀਤੀ ਰਾਤ ਤਿੰਨ ਨਕਾਬਪੋਸ਼ ਉਸ ਦੇ ਘਰ ਵਿਚ ਦਾਖ਼ਲ ਹੋਏ ਅਤੇ ਉਸ ਦੀ ਮਾਤਾ ਦੇ ਹੱਥ ਪੈਰ ਬੰਨਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੀਟਾ ਦੀ ਹੱਤਿਆ ਕਰਕੇ ਲੁੱਟ ਨੂੰ ਅੰਜਾਮ ਦਿੰਦੇ ਹੋਏ ਫਰਾਰ ਹੋ ਗਏ।
ਨਕਾਬਪੋਸ਼ਾਂ ਦੇ ਮਹੱਲੇ ਵਿਚ ਆਉਣ ਅਤੇ ਘਰ ਵਿਚ ਦਾਖ਼ਲ ਹੋਣ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਰੌਲਾ ਪੈਣ ਤੋਂ ਬਾਅਦ ਮੁਹੱਲਿਆਂ ਵਾਲਿਆਂ ਦੇ ਇਕੱਠੇ ਹੋਣ ਤੋਂ ਬਾਅਦ ਲੁਟੇਰੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਮ੍ਰਿਤਕ ਦੀ ਮਾਤਾ ਨੇ ਉਕਤ ਘਟਨਾ ਦੀ ਜਾਣਕਾਰੀ ਮੀਡੀਆ ਤੇ ਪੁਲਸ ਨੂੰ ਵੀ ਦਿੱਤੀ।
ਦੋਸ਼ੀਆਂ ਨੂੰ ਜਲਦ ਕਰਾਂਗੇ ਗ੍ਰਿਫ਼ਤਾਰ: ਡੀ.ਐੱਸ.ਪੀ.
ਉਕਤ ਮਾਮਲੇ 'ਤੇ ਡੀ.ਐੱਸ.ਪੀ. ਰਣਵੀਰ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਦੇਖਿਆ ਜਾ ਰਿਹਾ ਹੈ, ਪੁਲਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ, ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਕਰਾਂਗੇ ਸੰਘਰਸ਼: ਸਿੱਧੂ, ਗੁਪਤਾ
ਉਕਤ ਮਾਮਲੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਸਿੱਧੂ ਅਤੇ ਸਾਬਕਾ ਜ਼ਿਲ੍ਹਾ ਸ਼ਿਕਾਇਤ ਕਮੇਟੀ ਮੈਂਬਰ ਮੌਜੂਦਾ ਕੌਂਸਲਰ ਐਡਵੋਕੇਟ ਰਜਨੀਸ਼ ਗੁਪਤਾ ਨੇ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ, ਸਮਾਜ ਵਿਰੋਧੀ ਅਨਸਰਾਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਭੈਅ ਨਹੀਂ ਰਿਹਾ, ਲਹਿਰਾਗਾਗਾ ਵਿਖੇ ਨੌਜਵਾਨ ਦੀ ਸ਼ਰੇਆਮ ਹੱਤਿਆ ਕਰਨਾ ਸਾਬਿਤ ਕਰਦਾ ਹੈ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ, ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਕਾਂਗਰਸ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।
ਮੰਦਭਾਗੀ ਖ਼ਬਰ: ਰੂਸ-ਯੂਕਰੇਨ ਦੀ ਜੰਗ 'ਚ ਜਲੰਧਰ ਦੇ ਮੁੰਡੇ ਦੀ ਮੌਤ
NEXT STORY