ਵੈੱਬ ਡੈਸਕ : ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਗੁਰਮੁਖੀ ਲਿਪੀ ਪੜ੍ਹਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਈ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਨਾਲ ਸੰਬੰਧਤ ਇੱਕ ਵਿਸ਼ੇਸ਼ ਪੰਨਾ ਸ਼ਾਮਲ ਕੀਤਾ ਜਾਵੇਗਾ।
ਇਹ ਕਵਾਇਦ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹ ਰਹੇ ਲਗਭਗ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰੇਗੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗੁਰਮੁਖੀ ਲਿਪੀ ਪੜ੍ਹਨ ਦੀ ਯੋਗਤਾ 'ਚ ਸੁਧਾਰ ਲਿਆਉਣਾ ਹੈ। ਇਹ ਸਾਰੀਆਂ ਪਾਠ-ਪੁਸਤਕਾਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਛਾਪੀਆਂ ਜਾਣਗੀਆਂ। ਇਹ ਫ਼ੈਸਲਾ ‘ਪ੍ਰਥਮ’ ਵੱਲੋਂ ਜਾਰੀ ਕੀਤੀ ਗਈ ਇਸ ਸਾਲ ਦੀ ASER ਰਿਪੋਰਟ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ ਸਨ। ਰਿਪੋਰਟ ਮੁਤਾਬਕ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ ਕਰੀਬ 15 ਫੀਸਦੀ ਵਿਦਿਆਰਥੀ ਸਿਰਫ਼ ਗੁਰਮੁਖੀ ਦੇ ਅੱਖਰ ਹੀ ਪੜ੍ਹ ਸਕਦੇ ਸਨ, ਪਰ ਸ਼ਬਦ ਨਹੀਂ, ਜਦਕਿ 4.6 ਫੀਸਦੀ ਵਿਦਿਆਰਥੀ ਪੰਜਾਬੀ ਦੇ ਅੱਖਰ ਵੀ ਪਛਾਨਣ ਤੋਂ ਅਸਮਰੱਥ ਸਨ।
ਪੇਂਡੂ ਪੰਜਾਬ ਵਿੱਚ ਕੀਤੇ ਗਏ ਸਿੱਖਣ ਪੱਧਰ ਦੇ ਸਰਵੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਤੀਜੀ ਜਮਾਤ ਦੇ ਸਿਰਫ਼ 28 ਫੀਸਦੀ ਵਿਦਿਆਰਥੀ ਪਹਿਲੀ ਜਮਾਤ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਸਨ, ਜਦਕਿ ਕੇਵਲ 34 ਫੀਸਦੀ ਹੀ ਦੂਜੀ ਜਮਾਤ ਦੇ ਪੱਧਰ ਦੀ ਪੜ੍ਹਾਈ ਕਰਨ ਦੇ ਯੋਗ ਸਨ। ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਹਰ 100 ਵਿਦਿਆਰਥੀਆਂ ਵਿੱਚੋਂ ਸਿਰਫ਼ 47 ਵਿਦਿਆਰਥੀ ਹੀ ਆਪਣੀ ਮਾਂ ਭਾਸ਼ਾ ਪੰਜਾਬੀ ਵਿੱਚ ਪੂਰੀ ਕਹਾਣੀ ਪੜ੍ਹ ਸਕਦੇ ਸਨ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਵੱਖ-ਵੱਖ ਜਮਾਤਾਂ ਦੇ ਭਾਸ਼ਾਈ ਪੇਪਰਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਗੁਰਮੁਖੀ ਲਿਪੀ ਪੜ੍ਹਨ ਦੇ ਹੁਨਰ ਨੂੰ ਮਜ਼ਬੂਤ ਕਰਨ ਦੀ ਤੁਰੰਤ ਲੋੜ ਹੈ। ਇਸ ਲਈ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬੀ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਮੁੱਖਬੰਧ (ਪ੍ਰੀਫੇਸ) ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ‘ਤੇ ਛਾਪੀ ਜਾਵੇਗੀ। ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ ਸਬੰਧਤ ਭਾਸ਼ਾ ਦੀ ਵਰਣਮਾਲਾ ਦੇ ਹੇਠਾਂ ਗੁਰਮੁਖੀ ਅੱਖਰ ਦਿੱਤੇ ਜਾਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਪਹਲ ਦਾ ਮਕਸਦ ਵਿਦਿਆਰਥੀਆਂ ਦਾ ਧਿਆਨ ਗੁਰਮੁਖੀ ਲਿਪੀ ਵੱਲ ਕੇਂਦਰਿਤ ਕਰਨਾ ਅਤੇ ਪੜ੍ਹਨ ਦੀ ਆਦਤ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2026–27 ਤੋਂ ਭਾਸ਼ਾਈ ਪਾਠ-ਪੁਸਤਕਾਂ ਵਿੱਚ ਇਹ ਨਵੀਂ ਵਿਸ਼ੇਸ਼ਤਾ ਲਾਗੂ ਕੀਤੀ ਜਾਵੇਗੀ।
ਸ੍ਰੀ ਆਨੰਦਪੁਰ ਸਾਹਿਬ ‘ਹੈਰੀਟੇਜ ਸਟ੍ਰੀਟ’ ਪ੍ਰੋਜੈਕਟ: SGPC ਦੇ ਇਤਰਾਜ਼ਾਂ ਮਗਰੋਂ ਖਤਮ ਹੋ ਸਕਦੈ 25 ਕਰੋੜ ਦਾ ਬਜਟ
NEXT STORY