ਜਲੰਧਰ (ਚੋਪੜਾ)–ਪੰਜਾਬ ਕਾਂਗਰਸ ਵਿਚ ਚੱਲ ਰਹੀ 'ਸੰਗਠਨ ਸਿਰਜਣ ਮੁਹਿੰਮ' ਦੇ ਬਹਾਨੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਖੁੱਲ੍ਹੇ ਮੰਚ ’ਤੇ ਆ ਚੁੱਕੀ ਹੈ। ਜਲੰਧਰ ਦਿਹਾਤੀ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਹੁਦੇ ਨੂੰ ਲੈ ਕੇ ਸ਼ੁਰੂ ਹੋਈ ਕਵਾਇਦ ਵਿਚ ਬੀਤੇ ਦਿਨ ਫਿਲੌਰ ਹਲਕਾ ਸਭ ਤੋਂ ਵੱਡਾ ਅਖਾੜਾ ਬਣ ਗਿਆ, ਜਿੱਥੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਆਪਣੇ-ਆਪਣੇ ਖੇਮਿਆਂ ਦੇ ਨਾਲ ਆਹਮੋ-ਸਾਹਮਣੇ ਦਿਸੇ।
ਕਾਂਗਰਸ ਭਵਨ ਜਲੰਧਰ ਵਿਚ ਦੋਵਾਂ ਆਗੂਆਂ ਨੇ ਆਬਜ਼ਰਵਰ ਭੁਵਨ ਕਾਪੜੀ ਦੇ ਸਾਹਮਣੇ ਵੱਖ-ਵੱਖ ਸਮੇਂ ’ਤੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਪਰ ਆਬਜ਼ਰਵਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਮੈਂ ਇਸ ਧੜੇਬੰਦੀ ਦਾ ਹਿੱਸਾ ਨਹੀਂ ਬਣਾਂਗਾ। ਨਤੀਜਾ ਇਹ ਰਿਹਾ ਕਿ ਦੋਵਾਂ ਖੇਮਿਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਅਤੇ ਆਪਣੇ ਸਮਰਥਕਾਂ ਦੇ ਛੋਟੇ-ਛੋਟੇ ਜਥੇ ਬਣਾ ਕੇ ਆਬਜ਼ਰਵਰ ਦੇ ਕਮਰੇ ਵਿਚ ਭੇਜਣੇ ਪਏ। ਵਰਣਨਯੋਗ ਹੈ ਕਿ ਇਕ ਦਿਨ ਪਹਿਲਾਂ ਕਰਤਾਰਪੁਰ ਹਲਕੇ ਵਿਚ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਵਿਚਕਾਰ ਧੜੇਬੰਦੀ ਨੇ ਮਾਹੌਲ ਗਰਮਾ ਦਿੱਤਾ ਸੀ। ਉਸ ਦੇ ਅਗਲੇ ਹੀ ਦਿਨ ਫਿਲੌਰ ਹਲਕੇ ਵਿਚ ਚੌਧਰੀ-ਚੰਨੀ ਖੇਮਿਆਂ ਦੇ ਭੇੜ ਨੇ ਕਾਂਗਰਸ ਲੀਡਰਸ਼ਿਪ ਦੀਆਂ ਨੀਂਦਾਂ ਉਡਾ ਦਿੱਤੀਆਂ।

ਇਹ ਵੀ ਪੜ੍ਹੋ: TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ
ਆਬਜ਼ਰਵਰ ਭੁਵਨ ਕਾਪੜੀ ਜੋਕਿ ਕਰਤਾਰਪੁਰ ਦੀਆਂ ਦੋਵਾਂ ਮੀਟਿੰਗਾਂ ਵਿਚ ਮੌਜੂਦ ਰਹੇ ਸਨ, ਨੇ ਬੀਤੇ ਦਿਨ ਸਾਫ਼ ਕਰ ਦਿੱਤਾ ਕਿ ਫਿਲੌਰ ਵਿਚ ਉਹ ਕਿਸੇ ਇਕ ਧਿਰ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਮੇਰਾ ਮਕਸਦ ਧੜਿਆਂ ਦੀ ਲੜਾਈ ਵਿਚ ਪੈਣਾ ਨਹੀਂ, ਸਗੋਂ ਜ਼ਿਲ੍ਹਾ ਪ੍ਰਧਾਨਗੀ ਲਈ ਮਜ਼ਬੂਤ ਚਿਹਰਿਆਂ ਦੀ ਪਛਾਣ ਕਰਨਾ ਹੈ।

ਆਬਜ਼ਰਵਰ ਦਾ ਮਾਸਟਰ ਸਟ੍ਰੋਕ
ਕਰਤਾਰਪੁਰ ਅਤੇ ਫਿਲੌਰ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਅੰਦਰੂਨੀ ਕਲੇਸ਼ ਨੂੰ ਲੈ ਕੇ 'ਜਗ ਬਾਣੀ' ਵੱਲੋਂ ਕੀਤੇ ਖ਼ੁਲਾਸੇ ਤੋਂ ਬਾਅਦ ਹਾਲਾਤ ਵਿਗੜਦੇ ਵੇਖ ਕੇ ਭੁਵਨ ਕਾਪੜੀ ਨੇ ਦੋਵਾਂ ਖੇਮਿਆਂ ਦੇ ਆਗੂਆਂ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਉਹ ਆਪਣੇ-ਆਪਣੇ ਸਮਰਥਕਾਂ ਦਾ 5-5 ਲੋਕਾਂ ਦੇ ਜਥੇ ਤਿਆਰ ਕਰਨ ਅਤੇ ਵੱਖ-ਵੱਖ ਉਨ੍ਹਾਂ ਦੇ ਕਮਰਿਆਂ ਵਿਚ ਭੇਜਣ। ਉਥੇ ਹੀ, ਉਹ ਨਿੱਜੀ ਤੌਰ ’ਤੇ ਉਨ੍ਹਾਂ ਵਰਕਰਾਂ ਨਾਲ ਰਾਇਸ਼ੁਮਾਰੀ ਕਰਨਗੇ।

ਇਹ ਵੀ ਪੜ੍ਹੋ: ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ

ਇਸ ਫ਼ੈਸਲੇ ਤੋਂ ਬਾਅਦ ਵਿਕਰਮਜੀਤ ਚੌਧਰੀ, ਜਿਹੜੇ ਕਿ ਦੁਪਹਿਰ 12 ਵਜੇ ਆਪਣੇ ਸਮਰਥਕਾਂ ਨੂੰ ਲੈ ਕੇ ਕਾਂਗਰਸ ਭਵਨ ਪਹੁੰਚੇ ਸਨ, ਨੇ ਸਭ ਤੋਂ ਪਹਿਲਾਂ ਆਪਣੇ ਸਮਰਥਕਾਂ ਦੀ ਆਬਜ਼ਰਵਰ ਨਾਲ ਮੁਲਾਕਾਤ ਕਰਵਾਈ। ਇਨ੍ਹਾਂ ਵਿਚ ਫਿਲੌਰ ਨਾਲ ਜੁੜੇ ਪੰਚ-ਸਰਪੰਚ, ਜ਼ਿਲਾ ਪ੍ਰੀਸ਼ਦ ਮੈਂਬਰ, ਮਾਰਕੀਟ ਕਮੇਟੀ ਦੇ ਮੈਂਬਰ ਅਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿਚ ਮੌਜੂਦ ਸਨ। ਦੂਜੇ ਪਾਸੇ ਸੰਸਦ ਮੈਂਬਰ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੁਪਹਿਰ 2 ਵਜੇ ਆਪਣੇ ਸਮਰਥਕਾਂ ਨਾਲ ਕਾਂਗਰਸ ਭਵਨ ਪਹੁੰਚੇ ਅਤੇ ਛੋਟੇ-ਛੋਟੇ ਜਥਿਆਂ ਜ਼ਰੀਏ ਆਬਜ਼ਰਵਰ ਦੇ ਕਮਰੇ ਵਿਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋਇਆ। ਫਿਲੌਰ ਹਲਕੇ ਦੀਆਂ ਘਟਨਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਦੀ 'ਸੰਗਠਨ ਸਿਰਜਣ ਮੁਹਿੰਮ' ਜਿੰਨਾ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਹੈ, ਓਨਾ ਹੀ ਇਹ ਆਗੂਆਂ ਦਾ ਸ਼ਕਤੀ ਪ੍ਰਦਰਸ਼ਨ ਵੀ ਬਣ ਚੁੱਕਾ ਹੈ। ਚੌਧਰੀ ਅਤੇ ਚੰਨੀ ਪਰਿਵਾਰ ਦੇ ਇਸ ਅੰਦਰੂਨੀ ਭੇੜ ਨੇ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਵਿਚ ਜ਼ਮੀਨੀ ਸਿਆਸਤ ਅਜੇ ਵੀ ਪਰਿਵਾਰਾਂ ਅਤੇ ਧੜਿਆਂ ਦੀ ਪਕੜ ਵਿਚੋਂ ਬਾਹਰ ਨਹੀਂ ਨਿਕਲ ਸਕੀ ਹੈ। ਹੁਣ ਦੇਖਣਾ ਹੋਵੇਗਾ ਕਿ ਭੁਵਨ ਕਾਪੜੀ ਇਸ ਧੜੇਬੰਦੀ ਵਿਚੋਂ ਕਿਸ ਤਰ੍ਹਾਂ ਦਾ ਪੈਨਲ ਬਣਾ ਕੇ ਦਿੱਲੀ ਭੇਜਦੇ ਹਨ ਅਤੇ ਹਾਈ ਕਮਾਨ ਕਿਸ ਚਿਹਰੇ ’ਤੇ ਭਰੋਸਾ ਜਤਾਉਂਦੀ ਹੈ।
ਇਹ ਵੀ ਪੜ੍ਹੋ: Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ
NEXT STORY