ਚੰਡੀਗੜ੍ਹ,(ਸ਼ਰਮਾ)-ਬਾਇਓ ਮੈਡੀਕਲ ਵੇਸਟ (ਬੀ. ਐੱਮ. ਡਬਲਯੂ.) ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਇਓ ਮੈਡੀਕਲ ਵੇਸਟ ਨੂੰ ਅਤਿ ਖਤਰਨਾਕ ਅਤੇ ਇਨਫੈਕਟਿਡ ਮੰਨਦਿਆਂ ਸਾਰੇ ਹਸਪਤਾਲਾਂ ਵਿਚ ਬਾਰ ਕੋਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਵੇਸਟ ਨੂੰ ਕਾਮਨ ਬਾਇਓ-ਮੈਡੀਕਲ ਵੇਸਟ ਟ੍ਰੀਟਮੈਂਟ ਐਂਡ ਡਿਸਪੋਜ਼ਲ ਫੈਸੀਲਿਟੀ (ਸੀ. ਬੀ. ਡਬਲਯੂ. ਟੀ. ਐੱਫ.) ਤੱਕ ਲਿਜਾਣ ਵਾਲੇ ਵਾਹਨਾਂ ਵਿਚ ਟ੍ਰੈਕਿੰਗ ਜੀ. ਪੀ. ਐੱਸ. ਪ੍ਰਣਾਲੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਅਤੇ ਕੋਵਿਡ-19 ਤੇ ਹੈਪੇਟਾਈਟਸ ਵਰਗੀਆਂ ਛੂਤ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਮੀਲ ਪੱਥਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਵਿਚ ਬਾਇਓ ਮੈਡੀਕਲ ਵੇਸਟ ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲਿਆਂ ਵਿਚ ਰਾਜ ਸਲਾਹਕਾਰ ਕਮੇਟੀ ਅਤੇ ਜ਼ਿਲਾ ਪੱਧਰੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਰੋਜ਼ਾਨਾ ਦੇ ਬਾਇਓ ਮੈਡੀਕਲ ਵੇਸਟ ਸਬੰਧੀ ਸਾਰੇ ਵੇਰਵਿਆਂ/ਰਿਪੋਰਟਾਂ ਨੂੰ ਸਾਫਟਵੇਅਰ 'ਤੇ ਅਪਲੋਡ ਕੀਤਾ ਜਾਂਦਾ ਹੈ, ਜਿਥੇ ਹਰੇਕ ਹਸਪਤਾਲ 'ਚੋਂ ਵੇਸਟ ਇਕੱਠਾ ਕਰਨ ਦਾ ਸਾਰਾ ਰਿਕਾਰਡ ਦਰਜ ਕੀਤਾ ਜਾਂਦਾ ਹੈ। ਹਸਪਤਾਲਾਂ ਵਿਚ ਜ਼ਮੀਨ ਦੇ ਹੇਠਾਂ ਕੋਈ ਰਹਿੰਦ-ਖੂਹੰਦ ਨਹੀਂ ਦੱਬੀ ਜਾ ਰਹੀ। ਮੰਤਰੀ ਨੇ ਅੱਗੇ ਕਿਹਾ ਕਿ ਲਿਕਵਿਡ ਵੇਸਟ ਪ੍ਰੀ-ਟ੍ਰੀਟਮੈਂਟ ਪਲਾਂਟ/ਈ. ਟੀ. ਪੀ./ਐੱਸ. ਟੀ. ਪੀ. ਦੀ ਯੋਜਨਾ ਬਣਾਈ ਗਈ ਹੈ ਜੋ ਪੀ. ਐੱਚ. ਐੱਸ. ਸੀ. ਵਲੋਂ ਸਾਰੇ ਜ਼ਿਲਾ ਹਸਪਤਾਲਾਂ ਅਤੇ ਸਬ-ਡਿਵੀਜ਼ਨ ਹਸਪਤਾਲਾਂ ਵਿਚ ਸਥਾਪਤ ਕੀਤੇ ਜਾ ਰਹੇ ਹਨ, ਜਦੋਂ ਕਿ ਕਮਿਊਨਿਟੀ ਹੈਲਥ ਸੈਂਟਰਾਂ ਲਈ ਇਹ ਪ੍ਰਗਤੀ ਅਧੀਨ ਹਨ। ਛੋਟੀਆਂ ਸਿਹਤ ਸਹੂਲਤਾਂ ਜਿਵੇਂ ਸਬ-ਸੈਂਟਰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨੇੜਲੇ ਹਸਪਤਾਲਾਂ ਨਾਲ ਜੁੜੇ ਹੋਏ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੂੰ ਮਰਕਰੀ ਮੁਕਤ ਰਾਜ ਐਲਾਨਿਆ ਗਿਆ ਹੈ, ਇਸ ਤਰ੍ਹਾਂ ਹਸਪਤਾਲਾਂ ਵਿਚ ਮਰਕਰੀ ਉਪਕਰਣਾਂ ਦੀ ਖਰੀਦ ਅਤੇ ਵਰਤੋਂ ਨਹੀਂ ਕੀਤੀ ਜਾਂਦੀ। ਐੱਚ. ਸੀ. ਐੱਫਜ਼ ਵਿਚਲੇ ਵੇਸਟ ਹਾਈਪੋ-ਫਿਕਸਰ ਸਲਿਊਸ਼ਨ, ਡਿਵੈੱਲਪਰ ਅਤੇ ਐਕਸ-ਰੇ ਫਿਲਮਾਂ ਦਾ ਮੁਕੰਮਲ ਨਿਪਟਾਰਾ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ।
ਭਾਰਤ-ਪਾਕਿ ਸਰਹੱਦ ਨੇੜਿਓਂ BSF ਨੇ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ
NEXT STORY