ਪਟਿਆਲਾ (ਜੋਸਨ) : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਫਿਰੋਜ਼ਪੁਰ 'ਚ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਜ਼ਿਲ੍ਹਾ ਭਾਜਪਾ (ਸ਼ਹਿਰੀ) ਨੇ ਨਿੰਦਾ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਭਾਜਪਾ (ਸ਼ਹਿਰੀ) ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਇਹ ਸਭ ਕਾਂਗਰਸ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਕੋਹਲੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਦਿਸ ਰਹੀ ਹੈ। ਇਸ ਲਈ ਕਾਂਗਰਸ ਬੇਖ਼ੌਫ ਕੇ ਆਪਣੇ ਗੁੰਡਿਆਂ ਰਾਹੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਇਸ ਸਭ ਨੂੰ ਕਿਸਾਨਾਂ ਦੇ ਨਾਲ ਜੋੜ ਕੇ ਵਿਖਾ ਰਹੀ ਹੈ, ਜਦੋਂ ਕਿ ਕਿਸਾਨ ਹਮੇਸ਼ਾ ਆਪਣਾ ਪਸੀਨਾ ਵਹਾਉਂਦਾ ਹੈ, ਦੂਜਿਆਂ ਦਾ ਖੂਨ ਨਹੀਂ। ਇਸ ਲਈ ਅਜਿਹੀ ਘਟੀਆ ਹਰਕਤ ਕਦੇ ਵੀ ਕਿਸਾਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਲੋਕ ਇਸ ਹਮਲੇ ਦੇ ਪਿੱਛੇ ਕਿਸਾਨਾਂ ਦਾ ਹੱਥ ਦੱਸ ਰਹੇ ਹਨ ਪਰ ਜਨਤਾ ਨੂੰ ਪਤਾ ਹੈ ਕਿ ਕਿਸਾਨ ਪਿਛਲੇ 2 ਮਹੀਨੇ ਤੋਂ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਇੱਕ ਪਤਾ ਵੀ ਨਹੀਂ ਤੋੜਿਆ, ਫਿਰ ਅਸੀਂ ਕਿਵੇਂ ਮੰਨ ਲਈਏ ਕਿ ਇਹ ਹਮਲਾ ਕਿਸਾਨਾਂ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਾਜਪੁਰਾ ਵਿਖੇ ਵੀ ਭਾਜਪਾ ਦੇ ਉਮੀਦਵਾਰਾਂ ਦੇ ਦਫ਼ਤਰਾਂ 'ਚ ਤੋੜ-ਭੰਨ ਕਰਨ ਵਾਲੇ ਕਾਂਗਰਸ ਦੇ ਹੀ ਗੁੰਡੇ ਸਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸਹੀ ਕੀਤਾ ਜਾਵੇ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੁੰਡਾਗਰਦੀ ਬੰਦ ਨਾ ਹੋਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।
ਕਾਂਗਰਸੀਆਂ ਦੀ ਗੁੰਡਾਗਰਦੀ ਦਾ ਭਾਰੀ ਮੁੱਲ ਤਾਰ ਰਹੇ ਹਨ ਪੰਜਾਬੀ : ਸੁਖਬੀਰ ਸਿੰਘ ਬਾਦਲ
NEXT STORY