ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਵਿਚ ਭਾਜਪਾ ਦੀ ਕਾਰਜਕਾਰਨੀ ਦਾ ਜਲਦੀ ਹੀ ਪੁਨਰਗਠਨ ਹੋਣ ਜਾ ਰਿਹਾ ਹੈ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਜਿਹੇ ਆਗੂਆਂ ਨੂੰ ਟੀਮ ਵਿਚ ਸ਼ਾਮਿਲ ਕਰ ਕੇ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ, ਜਿਨ੍ਹਾਂ ਦਾ ਪੂਰੇ ਪੰਜਾਬ ਜਾਂ ਕਿਸੇ ਖਾਸ ਖੇਤਰ ਵਿਚ ਅਸਰ ਰਸੂਖ ਹੋਵੇ। ਭਾਜਪਾ ਲੀਡਰਸ਼ਿਪ ਨੇ ਪ੍ਰੈੱਸ ਕਾਨਫਰੰਸਾਂ ਅਤੇ ਪ੍ਰੈੱਸ ਰਿਲੀਜ਼ਾਂ ਤੱਕ ਹੀ ਸੀਮਤ ਆਗੂਆਂ ਨੂੰ ਪਾਸੇ ਕਰਨ ਦਾ ਮਨ ਬਣਾ ਲਿਆ ਹੈ। ਇਸ ਲੜੀ ਤਹਿਤ ਹੁਣ ਸੂਬਾਈ ਟੀਮ ਦਾ ਪੁਨਰਗਠਨ ਕੀਤਾ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਨਵੀਂ ਟੀਮ ’ਤੇ ਸਤੰਬਰ ਦੇ ਪਹਿਲੇ ਹਫਤੇ ਤੱਕ ਮੋਹਰ ਲੱਗ ਜਾਵੇਗੀ। ਇਸ ਟੀਮ ਵਿਚ ਮੌਜੂਦਾ ਟੀਮ ਦੇ ਕੁਝ ਮੈਂਬਰ ਵੀ ਸ਼ਾਮਿਲ ਕੀਤੇ ਜਾਣਗੇ ਜਦਕਿ ਕੁਝ ਨਵੇਂ ਮੈਂਬਰ ਸ਼ਾਮਿਲ ਕੀਤੇ ਜਾਣਗੇ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਸੂਬਾਈ ਟੀਮ ਵਿਚ ਕੰਮ ਨਾ ਕਰਨ ਵਾਲਿਆਂ ਦੀ ਛੁੱਟੀ ਤੈਅ ਹੈ। 33 ਜਥੇਬੰਦਕ ਜ਼ਿਲ੍ਹਿਆਂ ਵਿਚੋਂ ਇਕ ਦਰਜਨ ਜ਼ਿਲ੍ਹਾ ਮੁਖੀ ਵੀ ਬਦਲੇ ਜਾਣਗੇ।
ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰਾਲੇ ਦੀ ਇਨਪੁਟ ਤੇ ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੰਜਾਬ ਪੁਲਸ ਨੇ ਚੁੱਕਿਆ ਸਖ਼ਤ ਕਦਮ
ਕਾਂਗਰਸੀਆਂ ਨੂੰ ਐਡਜਸਟ ਕਰਨ ਲਈ ਵੱਡੀ ਹੋਵੇਗੀ ਟੀਮ
ਕਾਂਗਰਸ ਤੋਂ ਭਾਜਪਾ ਵਿਚ ਸ਼ਾਮਿਲ ਹੋਏ ਕੁਝ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ਼ਾਮਿਲ ਕਰਨ ਲਈ ਭਾਜਪਾ ਆਪਣੀ ਸੂਬਾਈ ਟੀਮ ਵਧਾਏਗੀ। ਇਸ ਸਬੰਧੀ ਇਕ ਪ੍ਰਸਤਾਵ ਵੀ ਦੋ ਮਹੀਨੇ ਪਹਿਲਾਂ ਕੇਂਦਰੀ ਲੀਡਰਸ਼ਿਪ ਨੂੰ ਭੇਜਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸੂਬਾਈ ਟੀਮ ਵਿਚ ਪ੍ਰਧਾਨ ਸਮੇਤ 8 ਮੀਤ ਪ੍ਰਧਾਨ, 3 ਜਨਰਲ ਮੰਤਰੀ ਅਤੇ 8 ਸਕੱਤਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਇਕ ਜੱਥੇਬੰਦੀ ਦਾ ਜਨਰਲ ਸਕੱਤਰ ਹੈ ਜੋ ਕਿਸੇ ਬਾਹਰਲੇ ਸੂਬੇ ਤੋਂ ਯੂਨੀਅਨ ਵਲੋਂ ਤਾਇਨਾਤ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਰਾਜ ਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ ਅਤੇ ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਵਿਚੋਂ ਬਾਜਵਾ ਪੂਰੀ ਤਰ੍ਹਾਂ ਭਗਵੇਂ ਰੰਗ ਵਿਚ ਰੰਗੇ ਜਾ ਚੁੱਕੇ ਹਨ ਜਦਕਿ ਰਾਣਾ ਸੋਢੀ ਸੰਗਰੂਰ ਉਪ ਚੋਣ ਵਿਚ ਪਾਰਟੀ ਦੇ ਚੋਣ ਇੰਚਾਰਜ ਰਹੇ ਹਨ। ਡਾ. ਵੇਰਕਾ ਨੇ ਭਾਜਪਾ ਲਈ ਦਿੱਲੀ ਵਿਚ ਵੀ ਵੱਡਾ ਪ੍ਰੋਗਰਾਮ ਰੱਖਿਆ ਹੈ। ਅਜਿਹੇ ਵਿਚ ਬਾਜਵਾ, ਵੇਰਕਾ ਅਤੇ ਸੋਢੀ ਵਿਚੋਂ ਕਿਸੇ ਇਕ ਨੂੰ ਸੂਬਾ ਅਹੁਦੇਦਾਰ ਬਣਾਇਆ ਜਾਵੇਗਾ। ਕਾਂਗਰਸ ਤੋਂ ਆਏ ਇਨ੍ਹਾਂ ਆਗੂਆਂ ਨੂੰ ਬਰਾਬਰ ਅਹੁਦੇ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਜਿਗਰੀ ਯਾਰ ਨੇ ਕਮਾਇਆ ਕਹਿਰ, ਦਿੱਤੀ ਅਜਿਹੀ ਮੌਤ ਕਿ ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਚਰਚਾ ਪ੍ਰਧਾਨ ਬਦਲਣ ਦੀ ਵੀ
ਇਸ ਦੌਰਾਨ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਉਣ ਦੀ ਵੀ ਚਰਚਾ ਚੱਲ ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਕਾਰਜਕਾਲ ਵਿਚ ਸਿਰਫ 5 ਮਹੀਨੇ ਹੀ ਬਚੇ ਹਨ। ਕਮਲ ਸ਼ਰਮਾ ਦੀ ਮੌਤ ਤੋਂ ਬਾਅਦ ਜਨਵਰੀ 2020 ਵਿਚ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ। ਮਾਲਵੇ ਤੋਂ ਹੀ ਨਵੇਂ ਮੁਖੀ ਲਈ ਨਾਮ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚੋਂ ਇੱਕ ਦੀ ਪੈਰਵੀ ਸੰਘ ਪਰਿਵਾਰ ਕਰ ਰਿਹਾ ਹੈ, ਜਦੋਂਕਿ ਦੂਜੀ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੀ ਪਹਿਲੀ ਪਸੰਦ ਹੈ। ਉਧਰ, ਸੂਬਾਈ ਟੀਮ ਦੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ਹੀ ਮੁਖੀ ਬਣੇ ਰਹਿਣਗੇ ਅਤੇ ਉਨ੍ਹਾਂ ਦੀ ਟੀਮ ਵਿਚ ਕੁਝ ਫੇਰ-ਬਦਲ ਹੀ ਹੋਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਹਾਲ ਹੀ ਵਿਚ ਸ਼ਰਮਾ ਨੂੰ ਆਪਣੀ ਟੀਮ ਦਾ ਪੁਨਰਗਠਨ ਕਰਨ ਲਈ ਕਿਹਾ ਹੈ। ਦੂਜੇ ਪਾਸੇ ਇਕ ਕੇਂਦਰੀ ਆਗੂ ਦਾ ਕਹਿਣਾ ਹੈ ਕਿ ਪ੍ਰਧਾਨ ਵੀ ਇਸ ਬਦਲਾਅ ਦੇ ਘੇਰੇ ਵਿਚ ਆ ਸਕਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਕੁੜੀਆਂ ਦਾ ਵੱਡਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼
ਜਾਖੜ ਨੂੰ ਲੈ ਕੇ ਦੁਚਿੱਤੀ
ਸੁਨੀਲ ਜਾਖੜ ਕਿਉਂਕਿ ਕਾਂਗਰਸ ਦੇ ਮੁਖੀ ਸਨ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ, ਇਸ ਲਈ ਭਾਜਪਾ ਉਨ੍ਹਾਂ ਨੂੰ ਇਸ ਤੋਂ ਛੋਟਾ ਅਹੁਦਾ ਨਹੀਂ ਦੇਵੇਗੀ। ਅਜਿਹੇ ਵਿਚ ਕੇਂਦਰੀ ਟੀਮ ਵਿਚ ਉਨ੍ਹਾਂ ਲਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਮੋਦੀ, ਅਮਿਤ ਸ਼ਾਹ ਅਤੇ ਜਗਤ ਪ੍ਰਕਾਸ਼ ਨੱਢਾ ਚਾਹੁੰਦੇ ਹਨ ਕਿ ਜਾਖੜ ਨੂੰ ਪੰਜਾਬ ਵਿਚ ਭਾਜਪਾ ਦੀ ਕਮਾਨ ਸੌਂਪੀ ਜਾਵੇ, ਜਦਕਿ ਸੰਘ ਪਾਰਟੀ ਦੇ ਕਿਸੇ ਪੁਰਾਣੇ ਨੇਤਾ ਦੇ ਹੱਕ ਵਿਚ ਹੈ। ਹਾਲਾਂਕਿ ਭਾਜਪਾ ਲੀਡਰਸ਼ਿਪ ਇਹ ਤਜ਼ਰਬਾ 2024 ਦੀਆਂ ਲੋਕ ਸਭਾ ਚੋਣਾਂ ਤੱਕ ਕਰਨ ਦੀ ਗੱਲ ਕਰ ਰਹੀ ਹੈ ਕਿਉਂਕਿ ਪਾਰਟੀ ਕੋਲ ਪੰਜਾਬ ਵਿਚ ਇਨਾ ਵੱਡਾ ਚਿਹਰਾ ਨਹੀਂ ਹੈ। ਫਿਲਹਾਲ ਸੰਘ ਨੇ ਇਸ ਲਈ ਹਾਮੀ ਨਹੀਂ ਭਰੀ ਹੈ।
ਉਧਰ ਪੰਜਾਬ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਮੁਤਾਬਕ ਪੰਜਾਬ ਵਿਚ ਭਾਜਪਾ ਦੀ ਸੂਬਾਈ ਟੀਮ ਵਿਚ ਕੁਝ ਬਦਲਾਅ ਕਰਨ ਦੀ ਚਰਚਾ ਚੱਲ ਰਹੀ ਹੈ। ਪਹਿਲਾਂ ਭਾਜਪਾ ਸਿਰਫ 23 ਵਿਧਾਨ ਸਭਾ ਅਤੇ 3 ਲੋਕ ਸਭਾ ਸੀਟਾਂ ’ਤੇ ਹੀ ਚੋਣ ਲੜਦੀ ਸੀ ਜਦਕਿ ਹੁਣ ਸਾਰੀਆਂ 117 ਵਿਧਾਨ ਸਭਾ ਅਤੇ 13 ਲੋਕ ਸਭਾ ਸੀਟਾਂ ’ਤੇ ਚੋਣ ਲੜਨੀ ਹੈ। ਪਹਿਲਾਂ ਦੀ ਸਿਆਸੀ ਸਥਿਤੀ ਵਿਚ ਮੌਜੂਦਾ ਟੀਮ ਕਾਫੀ ਸੀ ਪਰ ਹੁਣ ਜਦੋਂ ਹਾਲਾਤ ਬਦਲ ਗਏ ਹਨ, ਕੰਮ ਦਾ ਖੇਤਰ ਵਧ ਗਿਆ ਹੈ, ਤਾਂ ਟੀਮ ਦਾ ਆਕਾਰ ਵਧਣਾ ਸੁਭਾਵਿਕ ਹੈ। ਇਸ ਲਈ ਚਰਚਾ ਚੱਲ ਰਹੀ ਹੈ। ਕਾਂਗਰਸ ਤੋਂ ਆਏ ਆਗੂਆਂ ਨੂੰ ਵੀ ਉਨ੍ਹਾਂ ਦੀ ਯੋਗਤਾ ਅਨੁਸਾਰ ਪਾਰਟੀ ਵਿਚ ਥਾਂ ਦਿੱਤੀ ਜਾਣੀ ਹੈ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ’ਚ ਨਵਜੋਤ ਸਿੱਧੂ ਨਾਲ ਗੁਰਜੀਤ ਔਜਲਾ ਨੇ ਕੀਤੀ ਮੁਲਾਕਾਤ, ਦਿੱਤਾ ਇਹ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਿੰਗਾਪੁਰ ਭੇਜਣ ਦਾ ਕਹਿ ਮਸਕਟ ’ਚ ਵੇਚ ਦਿੱਤੀ ਪੰਜਾਬਣ ਕੁੜੀ, ਵੀਡੀਓ ਜ਼ਰੀਏ ਦੱਸੀ ਦੁੱਖ਼ ਭਰੀ ਕਹਾਣੀ
NEXT STORY