ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ 'ਚ ਬੀਜੇਪੀ ਦੇ ਮੰਡਲ ਪ੍ਰਧਾਨ ਗੋਬਿੰਦ ਰਾਮ 'ਤੇ ਸ਼ਰੇਆਮ 5-6 ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪਥ ਹੋਏ ਗੋਬਿੰਦ ਰਾਮ ਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਇਕ ਬਾਂਹ ਤੋੜ ਦਿੱਤੀ ਗਈ ਹੈ ਤੇ ਹੱਥ ਅਤੇ ਪੈਰ ਦੀਆਂ ਉਂਗਲੀਆਂ ਕੱਟ ਗਈਆਂ ਹਨ। ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ 'ਚੋਂ ਬਾਹਰ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ, ਚੇਅਰਮੈਨ ਜਗਰਾਜ ਸਿੰਘ ਕਟੋਰਾ, ਬਲਵੰਤ ਸਿੰਘ ਰੱਖੜੀ ਚੇਅਰਮੈਨ ਤੇ ਹੋਰ ਭਾਜਪਾ ਆਗੂ ਹਸਪਤਾਲ 'ਚ ਪਹੁੰਚ ਗਏ ਹਨ। ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਫਿਰੋਜ਼ਪੁਰ ਛਾਉਣੀ 'ਚ ਮੰਡਲ ਪ੍ਰਧਾਨ ਪਾਰਟੀ ਦੇ ਕੰਮਕਾਜ ਸਬੰਧੀ ਵਿਚਾਰ-ਚਰਚਾ ਕਰਨ ਉਨ੍ਹਾਂ ਕੋਲ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਸਕੂਟਰ ਖਰਾਬ ਹੋ ਗਿਆ। ਇੰਨੇ 'ਚ ਕਰੀਬ 7-8 ਨਕਾਬਪੋਸ਼ ਵਿਅਕਤੀ ਆਏ, ਜਿਨ੍ਹਾਂ ਕੋਲ ਬੇਸਬਾਲ ਤੇ ਤਲਵਾਰਾਂ ਆਦਿ ਸਨ, ਆਉਂਦੇ ਹੀ ਗੋਬਿੰਦ ਰਾਮ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਹ ਡਿੱਗ ਪਿਆ। ਹਮਲਾਵਰ ਉਸ ਨੂੰ ਡਿੱਗੇ ਪਏ ਨੂੰ ਵੀ ਮਾਰਦੇ ਰਹੇ। ਉਸ ਵਲੋਂ ਰੌਲਾ ਪਾਉਣ 'ਤੇ ਹਮਲਾਵਰ ਭੱਜ ਗਏ। ਦੱਸ ਦੇਈਏ ਇਹ ਵਾਰਦਾਤ ਪੁਲਸ ਥਾਣੇ ਤੋਂ 500 ਮੀਟਰ ਦੂਰ ਵਾਪਰੀ ਹੈ।

ਜ਼ਿਲਾ ਭਾਜਪਾ ਪ੍ਰਧਾਨ ਨੇ ਪ੍ਰਸ਼ਾਸਨ ਤੇ ਪੁਲਸ ਨੂੰ ਦਿੱਤੀ ਚਿਤਾਵਨੀ
ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਤੇ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਾਨੂੰਨ ਵਿਵਸਥਾ ਨੂੰ ਬਹਾਲ ਕਰਦੇ ਹੋਏ ਭਾਜਪਾ ਅਹੁਦੇਦਾਰਾਂ ਤੇ ਮੈਂਬਰਾਂ ਦੀ ਜਾਨ 'ਤੇ ਮਾਲ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਹਮਲਾਵਰਾਂ ਨੂੰ ਜਲਦ ਨਹੀਂ ਫੜਿਆ ਤਾਂ ਭਾਜਪਾ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਜਾਨਲੇਵਾ ਹਮਲੇ ਵਿਚ ਸਿਆਸੀ ਲੋਕਾਂ ਦਾ ਆਸ਼ੀਰਵਾਦ ਨਜ਼ਰ ਆ ਰਿਹਾ ਹੈ ਅਤੇ ਉਹ ਸਿਆਸੀ ਲੋਕ ਕੌਣ ਹਨ, ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਦੂਸਰੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਨਵੇਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ 'ਤੇ ਦਾਦੂਵਾਲ ਨੇ ਦਿੱਤਾ ਇਹ ਬਿਆਨ
NEXT STORY