ਨਵੀਂ ਦਿੱਲੀ- ਕੰਗਨਾ ਰਣੌਤ ਦੇ ਥੱਪੜ ਕਾਂਡ ਨੂੰ ਲੈ ਕੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਬਿਆਨ ਵਿੱਚ ਕਿਹਾ ਕਿ ਕੱਲ੍ਹ ਦੀ ਚੰਡੀਗੜ੍ਹ ਏਅਰਪੋਰਟ ਦੀ ਜਿਹੜੀ ਘਟਨਾ ਹੈ ਉਹ ਸੰਸਾਰ ਭਰ ਵਿੱਚ ਬੜੀ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਪਰ ਇਨ੍ਹਾਂ ਤੋਂ ਇਹ ਸਾਫ ਨਹੀਂ ਹੋ ਰਿਹਾ ਕਿ ਉਸ ਸੀ.ਆਈ.ਐੱਸ.ਐੱਫ. ਦੀ ਮਹਿਲਾ ਮੁਲਾਜ਼ਮ ਨੇ ਕੰਗਨਾ ਨੂੰ ਥੱਪੜ ਮਾਰਿਆ ਸੀ ਕਿ ਨਹੀਂ।
ਸਰਨਾ ਦਾ ਕਹਿਣਾ ਹੈ ਕਿ ਜੇਕਰ ਥੱਪੜ ਮਾਰਨ ਦੀ ਵੀਡੀਓ ਸਾਹਮਣੇ ਨਹੀਂ ਆਈ ਤਾਂ ਹੋ ਸਕਦਾ ਹੈ ਪਹਿਲਾਂ ਕੰਗਨਾ ਨੇ ਬਦਸਲੂਕੀ ਕੀਤੀ ਹੋਵੇ। ਉਸ ਸੀ.ਆਈ.ਐੱਸ.ਐੱਫ. ਦੀ ਮਹਿਲਾ ਮੁਲਾਜ਼ਮ ਨੇ ਕੰਗਨਾ ਦੀ ਬਦਸਲੂਕੀ ਸਹਿਣ ਨਹੀਂ ਕੀਤੀ ਹੋਣੀ ਅਤੇ ਉਸ ਨੂੰ ਕੰਗਨਾ ਦਾ ਉਹ ਬਿਆਨ ਯਾਦ ਆ ਗਿਆ ਜਿਸ ਵਿਚ ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ 100-100 ਰੁਪਏ ਲੈ ਕੇ ਬੈਠਦੀਆਂ ਹਨ ਤਾਂ ਇਸੇ ਗੱਲ ਨੂੰ ਲੈ ਕੇ ਉਸ ਮਹਿਲਾ ਕਰਮਚਾਰੀ ਨੇ ਕੰਗਨਾ ਦੀਆਂ ਗੱਲਾਂ ਦਾ ਜਵਾਨ ਕੜਕਾ ਦੇ ਜ਼ਰੂਰ ਦਿੱਤਾ ਹੋਣਾ।
ਸਰਨਾ ਨੇ ਅੱਗੇ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਕੰਗਨਾ ਦਾ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਵੱਖਵਾਦੀ ਕਹਿਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਲੋਕਾਂ ਦੇ ਅੰਦਰ ਕਿਸ ਹੱਦ ਤੱਕ ਨਫ਼ਰਤ ਭਰੀ ਹੋਈ ਹੈ। ਜੇਕਰ ਭਾਜਪਾ ਉਸ ਦੇ ਬਿਆਨ ਨਾਲ ਸੰਬੰਧ ਨਹੀ ਰੱਖਦੀ ਤਾਂ ਤੁਰੰਤ ਐਕਸ਼ਨ ਲਵੇ ਨਹੀਂ ਤੇ ਉਹ ਸਪਸ਼ਟ ਹੈ ਕਿ ਪੰਜਾਬ ਬਾਰੇ ਸਮੁੱਚੀ ਭਾਜਪਾ ਦੀ ਇਹੋ ਸੋਚ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਅੱਤਵਾਦ ਜਾਂ ਵੱਖਵਾਦ ਦਾ ਮਸਲਾ ਨਹੀਂ, ਸਗੋਂ ਮਨੁੱਖੀ ਖਿੱਚੋਤਾਣ ਦੇ ਸਮਾਜਿਕ-ਆਰਥਿਕ ਸੰਕਟ ’ਚੋਂ ਆਇਆ ਵਿਹਾਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਅਤੇ ਭਾਜਪਾ ਵਿਚ ਸ਼ਾਮਲ ਹੋਏ ਅਖੌਤੀ ਸਿੱਖ ਆਗੂ ਦੱਸਣ ਕਿ ਕੀ ਉਹ ਆਪਣੀ ਐੱਮ. ਪੀ. ਦੇ ਇਸ ਬਿਆਨ ਨਾਲ ਸਹਿਮਤ ਹਨ? ਕੀ ਉਹ ਵੀ ਮੰਨਦੇ ਹਨ ਕਿ ਕਿਸਾਨੀ ਸੰਘਰਸ਼ ਦਾ ਗੁੱਸਾ ਉਨ੍ਹਾਂ ਲਈ ਅੱਤਵਾਦ ਹੈ। ਜੇਕਰ ਅਜਿਹਾ ਨਹੀਂ ਤਾਂ ਕੀ ਉਹ ਆਪਣੀ ਪਾਰਟੀ ਦੀ ਐੱਮ. ਪੀ. ਦੇ ਇਸ ਬਿਆਨ ਦੀ ਨਿੰਦਾ ਕਰਨਗੇ ਅਤੇ ਉਸਨੂੰ ਮੁਆਫੀ ਮੰਗਣ ਲਈ ਕਹਿਣਗੇ?
ਅੱਗੇ ਬੋਲਦਿਆਂ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜੇਕਰ ਸੀ.ਆਈ.ਐੱਸ.ਐੱਫ. ਸਟਾਫ 'ਚੋਂ ਕੁਲਵਿੰਦਰ ਕੌਰ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਤਾਂ ਉਹ ਉਸ ਨੂੰ ਪੰਜਾਬ ਪੁਲਸ 'ਚ ਬਣਦੇ ਅਹੁਦੇ 'ਤੇ ਨੌਕਰੀ ਦੇ ਕੇ ਉਨ੍ਹਾਂ ਦਾ ਮਾਣ-ਸਤਕਾਰ ਕਰਨ।
ਮੋਗਾ 'ਚ ਅਜੀਬੋ-ਗਰੀਬ ਘਟਨਾ, ਸੁੱਤੇ ਪਏ ਪਰਿਵਾਰ 'ਤੇ ਆਪਣੇ ਆਪ ਸਟਾਰਟ ਹੋ ਕੇ ਚੜ੍ਹ ਗਿਆ ਟਰੈਕਟਰ
NEXT STORY