ਲੁਧਿਆਣਾ (ਰਾਜ) - ਦੇਸ਼ ਦੇ ਕਈ ਸੂਬਿਆਂ ’ਚ ਫੈਲਿਆ ਨਕਲੀ ਦਵਾਈਆਂ ਦੀ ਸਪਲਾਈ ਦਾ ਵੱਡਾ ਨੈੱਟਵਰਕ ਕਾਨਪੁਰ ਤੋਂ ਚਲਾਇਆ ਜਾ ਰਿਹਾ ਸੀ। ਇਹ ਪੂਰਾ ਗੋਰਖਧੰਦਾ ਕਿਸੇ ਹੋਰ ਦਾ ਨਹੀਂ, ਸਗੋਂ ਸ਼੍ਰੀਲਕਸ਼ਮੀ ਫਾਰਮਾ ਦੇ ਮਾਲਕ ਰਾਹੁਲ ਅਗਰਵਾਲ ਦੀ ਬੇਟੀ ਵਰਤਿਕਾ ਅਗਰਵਾਲ ਦੇ ਇਸ਼ਾਰੇ ’ਤੇ ਚੱਲ ਰਿਹਾ ਸੀ। ਵਰਤਿਕਾ ਆਪਣੇ ਦੋਸਤ ਮੁਹੰਮਦ ਹਸਨ ਜ਼ਰੀਏ ਪੰਜਾਬ, ਗੁਜਰਾਤ, ਹਰਿਆਣਾ, ਬਿਹਾਰ, ਮੱਧ-ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਨਕਲੀ ਦਵਾਈਆਂ ਸਪਲਾਈ ਕਰਵਾਉਂਦੀ ਸੀ। ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਨੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਦੇ ਹੋਏ ਵਰਤਿਕਾ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਐੱਸ. ਟੀ. ਐੱਫ. ਦੇ ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਅਗਸਤ ’ਚ ਨਸ਼ੇ ਦੇ ਨਾ ਫੜੇ ਗਏ ਇਕ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਪੁੱਛਗਿੱਛ ਅਤੇ ਜਾਂਚ ’ਚ ਇਸ ਨੈੱਟਵਰਕ ਦਾ ਖੁਲਾਸਾ ਹੋਇਆ ਸੀ। ਜਾਂਚ ’ਚ ਪਤਾ ਲੱਗਾ ਕਿ ਇਹ ਪੂਰਾ ਧੰਦਾ ਕਾਨਪੁਰ ਤੋਂ ਆਪ੍ਰੇਟ ਹੁੰਦਾ ਹੈ ਅਤੇ ਦੇਸ਼ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਕਾਨਪੁਰ ਦੇ ਬਿਰਹਾਨਾ ਰੋਡ ਸਥਿਤ 3 ਮੰਜ਼ਿਲਾ ਇਮਾਰਤ ’ਚ ਹੀ ਨਕਲੀ ਦਵਾਈਆਂ ਦੀ ਫੈਕਟਰੀ ਚੱਲ ਰਹੀ ਸੀ। ਇਸੇ ਇਮਾਰਤ ’ਚ ਲੱਗੀਆਂ ਮਸ਼ੀਨਾਂ ’ਤੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਫਿਰ ਬ੍ਰਾਂਡਿਡ ਕੰਪਨੀਆਂ ਦੇ ਸਟੀਕਰ ਲਾ ਕੇ ਪੈਕਿੰਗ ਕੀਤੀ ਜਾਂਦੀ ਸੀ ਤਾਂਕਿ ਅਸਲੀ ਵਰਗੀਆਂ ਦਿਸਣ। ਪਹਿਲਾਂ ਪੁਲਸ ਨੇ ਅਹਿਮਦਾਬਾਦ ’ਚ ਵੀ ਛਾਪੇਮਾਰੀ ਕਰ ਕੇ ਕਈ ਮੈਡੀਕਲ ਸਟੋਰਾਂ ਤੋਂ ਸੈਂਪਲ ਜ਼ਬਤ ਕੀਤੇ, ਜਿਨ੍ਹਾਂ ਦਾ ਸਿੱਧਾ Çਲਿੰਕ ਵਰਤਿਕਾ ਅਤੇ ਉਸ ਦੇ ਪਿਤਾ ਰਾਹੁਲ ਅਗਰਵਾਲ ਨਾਲ ਮਿਲਿਆ। ਵਰਤਿਕਾ ਅਗਰਵਾਲ ਦੇ ਮੋਬਾਈਲ ਤੋਂ ਪੁਲਸ ਨੂੰ ਚੈਟ, ਵਾਈਸ ਰਿਕਾਰਡਿੰਗ ਅਤੇ ਪੇਮੈਂਟ ਟਰਾਂਜ਼ੈਕਸ਼ਨ ਨਾਲ ਜੁੜੇ ਕਈ ਅਹਿਮ ਸਬੂਤ ਮਿਲੇ ਹਨ। ਇਨ੍ਹਾਂ ਤੋਂ ਸਾਫ ਹੋਇਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਨਾਜਾਇਜ਼ ਕਾਰੋਬਾਰ ਨੂੰ ਚਲਾ ਰਹੀ ਸੀ। ਪੁਲਸ ਹੁਣ ਉਸ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ ਤਾਂਕਿ ਪੈਸਿਆਂ ਦੇ ਲੈਣ-ਦੇਣ ਦੀ ਕੜੀ ਨੂੰ ਫੜਿਆ ਜਾ ਸਕੇ।
ਐੱਸ. ਆਈ. ਨਰੇਸ਼ ਮੁਤਾਬਕ ਵਰਤਿਕਾ ਅਤੇ ਉਸ ਦਾ ਸਾਥੀ ਮੁਹੰਮਦ ਹਸਨ ਨਕਲੀ ਦਵਾਈਆਂ ਦੀ ਸਪਲਾਈ ਬੱਸਾਂ ਅਤੇ ਟ੍ਰੇਨਾਂ ਰਾਹੀਂ ਭੇਜਦੇ ਸਨ। ਪੰਜਾਬ ਸਮੇਤ ਕਈ ਸੂਬਿਆਂ ’ਚ ਹਸਪਤਾਲਾਂ ਦੇ ਬਾਹਰ ਸਥਿਤ ਮੈਡੀਕਲ ਸਟੋਰਾਂ ਤੱਕ ਇਹ ਨਕਲੀ ਮਾਲ ਪਹੁੰਚਾਇਆ ਜਾਂਦਾ ਸੀ, ਜਿਥੇ ਲੋਕਾਂ ਨੂੰ ਬ੍ਰਾਂਡਿਡ ਕੰਪਨੀ ਦੇ ਨਾਂ ’ਤੇ ਵੇਚਿਆ ਜਾਂਦਾ ਸੀ। ਇਸ ਕਾਰੋਬਾਰ ਤੋਂ ਮੁਲਜ਼ਮ ਲੱਖਾਂ ਦਾ ਮੁਨਾਫਾ ਕਮਾ ਰਹੇ ਸਨ। ਮੁਹੰਮਦ ਹਸਨ ਨੇ ਹਰ ਸ਼ਹਿਰ ’ਚ ਆਪਣੇ ਲੋਕਲ ਸੋਰਸ ਬਣਾ ਰੱਖੇ ਸਨ, ਜਿਨ੍ਹਾਂ ’ਚ ਜ਼ਿਆਦਾਤਰ ਮੈਡੀਕਲ ਸਟੋਰਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਸਨ, ਜੋ ਕੁਝ ਪੈਸਿਆਂ ਦੇ ਲਾਲਚ ’ਚ ਇਸ ਕਾਲੇ ਧੰਦੇ ਨਾਲ ਜੁੜ ਗਏ ਸਨ। ਪੁਲਸ ਹੁਣ ਇਨ੍ਹਾਂ ਲੋਕਲ ਏਜੰਟਾਂ ਦੀ ਪਛਾਣ ਕਰਨ ’ਚ ਜੁਟੀ ਹੈ। ਕੁਝ ਸ਼ੱਕੀ ਦੁਕਾਨਦਾਰਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ।
ਐੱਸ. ਆਈ. ਨਰੇਸ਼ ਕੁਮਾਰ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਕਈ ਹੋਰ ਨਾਮ ਸਾਹਮਣੇ ਆ ਸਕਦੇ ਹਨ। ਪੁਲਸ ਦਾ ਨਿਸ਼ਾਨਾ ਹੈ ਕਿ ਇਸ ਨਕਲੀ ਦਵਾਈਆਂ ਦੇ ਪੂਰੇ ਸਿੰਡੀਕੇਟ ਨੂੰ ਖਤਮ ਕੀਤਾ ਜਾਵੇ ਤਾਂਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲੇ।
150 ਰੁਪਏ ਦੀ ਸ਼ਰਟ 100 ਵਿਚ ਨਾ ਦੇਣ 'ਤੇ ਦੁਕਾਨਦਾਰ ਦੀ ਕੀਤੀ ਕੁੱਟਮਾਰ
NEXT STORY