ਸਮਰਾਲਾ (ਗਰਗ) : ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਖਤਰੇ 'ਚ ਪਾ ਕੇ ਫਰੰਟ ਲਾਈਨ ’ਤੇ ਰਹਿ ਕੇ ਡਿਊਟੀ ਕਰ ਰਹੇ ਕੋਰੋਨਾ ਫਾਈਟਰਜ਼ ਨੂੰ ਸਨਮਾਨ ਦੇਣ ਦੀ ਬਜਾਏ ਉਲਟਾ ਉਨ੍ਹਾਂ ’ਤੇ ਹਮਲੇ ਅਤੇ ਕੁੱਟਮਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਇਕ ਹੋਰ ਤਾਜ਼ਾ ਮਾਮਲੇ ਦੌਰਾਨ ਇਕ ਮਹਿਲਾ ਆਂਗਣਵਾੜੀ ਵਰਕਰ, ਜੋ ਕਿ ਬੀ. ਐੱਲ. ਓ. ਵਜੋਂ ਡਿਊਟੀ ਕਰਦੇ ਹੋਏ ਸ਼ਹਿਰ 'ਚ ਘਰ-ਘਰ ਜਾ ਕੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਵੇਰਵੇ ਇੱਕਤਰ ਕਰ ਰਹੀ ਹੈ, ਨੇ ਆਪਣੇ ਨਾਲ ਇਕ ਵਿਅਕਤੀ ਵੱਲੋਂ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਇਸ ਮਹਿਲਾ ਬੀ. ਐੱਲ. ਓ. ਨੇ ਉਸ ਨਾਲ ਹੋਈ ਇਸ ਕਥਿਤ ਮਾੜੀ ਘਟਨਾ ਦੇ ਇਕ ਦਿਨ ਬਾਅਦ ਵੀ ਸਮਰਾਲਾ ਦੇ ਸਿਵਲ ਅਤੇ ਪੁਲਸ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਉਸ ਦੀ ਸੁਣਵਾਈ ਲਈ ਕੋਈ ਅਧਿਕਾਰੀ ਦਫ਼ਤਰ 'ਚ ਹਾਜ਼ਰ ਹੀ ਨਹੀਂ ਸੀ ਅਤੇ ਇੰਝ ਉਹ ਆਪਣੀ ਡਿਊਟੀ ਕਰਨ 'ਚ ਹੁਣ ਖਤਰਾ ਮਹਿਸੂਸ ਕਰ ਰਹੀ ਹੈ।
ਇਸ ਬੀ. ਐੱਲ. ਓ. ਨਾਲ ਹੋਈ ਇਸ ਘਟਨਾ ਤੋਂ ਬਾਅਦ ਸ਼ਿਕਾਇਤ ਦੇਣ ਲਈ ਉਸ ਨਾਲ ਡਿਊਟੀ ਕਰ ਰਹੀਆਂ ਹੋਰ ਮਹਿਲਾ ਆਂਗਣਵਾੜੀ ਵਰਕਰਜ਼ ਪਹਿਲਾ ਨਗਰ ਕੌਂਸਲ ਅਧਿਕਾਰੀ ਜਿੱਥੇ ਕਿ ਉਹ ਸੈਕਟਰ ਅਫ਼ਸਰ ਨੂੰ ਰਿਪੋਰਟ ਕਰਦੀਆਂ ਹਨ, ਉਥੇ ਪੁੱਜੀਆਂ ਪਰ ਕਾਰਜ ਸਾਧਕ ਅਫ਼ਸਰ ਹਾਜ਼ਰ ਨਹੀਂ ਮਿਲੇ। ਇਸ ਤੋਂ ਬਾਅਦ ਉਹ ਡੀ. ਐੱਸ. ਪੀ. ਦਫ਼ਤਰ ਗਈਆਂ ਪਰ ਉਥੇ ਵੀ ਉਨ੍ਹਾਂ ਦੇ ਨਾ ਮਿਲਣ ’ਤੇ ਥਾਣੇ ਵਿਖੇ ਪਹੁੰਚ ਕੀਤੀ ਗਈ ਪਰ ਉਥੇ ਵੀ ਫਿਲਹਾਲ ਉਨ੍ਹਾਂ ਨੂੰ ਡਿਊਟੀ ਅਫ਼ਸਰ ਹਾਜ਼ਰ ਨਹੀਂ ਮਿਲਿਆ। ਇਸ ਬੀ. ਐੱਲ. ਓ. ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਸ ਨੇ ਜਾਣਕਾਰੀ ਦੇਣ ਲਈ ਐੱਸ. ਡੀ. ਐੱਮ. ਨੂੰ ਵੀ ਫੋਨ ਲਗਾਇਆ ਸੀ, ਪਰ ਉਨ੍ਹਾਂ ਨੇ ਵੀ ਫੋਨ ਨਹੀਂ ਚੁੱਕਿਆ। ਫਿਲਹਾਲ ਇਸ ਮਾਮਲੇ ’ਚ ਪ੍ਰਸਾਸ਼ਨ ਵੱਲੋਂ ਸਫ਼ਾਈ ਦੇਣ ਲਈ ਕੋਈ ਅਧਿਕਾਰੀ ਸਾਹਮਣੇ ਨਹੀਂ ਆਇਆ।
ਦਿੱਤੀ ਗਈ ਢਿੱਲ ਦੀਆਂ ਉੱਡੀਆਂ ਧੱਜੀਆਂ, ਟਾਂਡਾ 'ਚ ਖੁੱਲ੍ਹੀਆਂ ਸ਼ਰੇਆਮ ਦੁਕਾਨਾਂ
NEXT STORY