ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)—ਸੀ. ਪੀ. ਆਈ. ਤਹਿਸੀਲ ਸੰਗਰੂਰ ਦੀ ਮੀਟਿੰਗ ਕਾ. ਨਿਰਮਲ ਸਿੰਘ ਬਟਰਿਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਨੂੰ ਸਸਤੀ ਵੰਡੀ ਜਾ ਰਹੀ ਕਣਕ ਵਾਲੀ ਲਿਸਟ ਵਿਚੋਂ ਯੋਗ ਵਿਅਕਤੀਆਂ ਦੇ ਨਾਂ ਕੱਟ ਦਿੱਤੇ ਗਏ ਹਨ, ਇਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਈ ਪਿੰਡਾਂ 'ਚ ਹੱਕੀ ਲੋਕਾਂ ਨੂੰ ਸਸਤੀ ਮਿਲਣ ਵਾਲੀ ਕਣਕ ਨਹੀਂ ਮਿਲੀ, ਜੋ ਕਿ ਲੋੜਵੰਦ ਲੋਕਾਂ ਨਾਲ ਨਾ-ਇਨਸਾਫੀ ਹੈ। ਉਨ੍ਹਾਂ ਪਿੰਡ ਦੁੱਗਾਂ ਦੇ ਮੋਰਾ ਪੱਤੀ ਵਾਲੇ ਡਿਪੂ ਦੇ 54 ਕਾਰਡ ਧਾਰਕਾਂ ਨੂੰ ਸਸਤੀ ਕਣਕ ਲੈਣ ਤੋਂ ਵਾਂਝਾ ਕੀਤਾ ਹੈ। ਆਗੂਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਅਤੇ ਜ਼ਿਲਾ ਖੁਰਾਕ ਸਪਲਾਈ ਅਫਸਰ ਤੋਂ ਮੰਗ ਕੀਤੀ ਕਿ ਨਿਰਪੱਖ ਜਾਂਚ ਕਰ ਕੇ ਇਨ੍ਹਾਂ ਕੱਟੇ ਗਏ ਲਾਭਪਾਤਰੀਆਂ ਨੂੰ ਕਣਕ ਦਿਵਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਲਖਮੀ ਚੰਦ ਮੀਤ ਸਕੱਤਰ ਸੰਗਰੂਰ, ਰਘਵਰਦਿਆਲ ਗੁਪਤਾ, ਕਾਮਰੇਡ ਦਰਸ਼ਨ ਸਿੰਘ ਦੁੱਗਾਂ, ਕਾਮਰੇਡ ਲਾਭ ਸਿੰਘ ਦੁੱਗਾਂ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਡਿਪੂ ਹੋਲਡਰ ਦਾ
ਜਦੋਂ ਇਸ ਸਬੰਧੀ ਹਰਵਿੰਦਰ ਸਿੰਘ ਦੁੱਗਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਇਹ ਡਿਪੂ ਮੇਰੀ ਮਾਤਾ ਮਹਿੰਦਰ ਕੌਰ ਦੇ ਨਾਂ 'ਤੇ ਹੈ। ਉਨ੍ਹਾਂ ਦੀ ਲੜਕੀ ਦਾ ਵਿਆਹ ਹੋਣ ਕਾਰਨ ਕਣਕ ਵੰਡ ਇੰਸਪੈਕਟਰ ਰਾਹੀਂ ਪਿੰਡ ਦੇ ਹੀ ਡਿਪੂ ਹੋਲਡਰ ਬਲਵਿੰਦਰ ਸਿੰਘ ਨੂੰ ਦਿੱਤੀ ਗਈ ਸੀ। ਉਨ੍ਹਾਂ ਪਿੰਡ ਦੇ 54 ਲਾਭਪਾਤਰੀਆਂ ਦੇ ਕੱਟੇ ਗਏ ਨਾਵਾਂ ਸਬੰਧੀ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਦਿਨੀਂ ਕਾਰਡਾਂ ਦੀ ਜਾਂਚ ਕਰਵਾਉਣ ਸਬੰਧੀ ਫਾਰਮ ਭੇਜੇ ਗਏ ਸਨ।
ਉਨ੍ਹਾਂ ਇਹ ਫਾਰਮ ਪਿੰਡ ਦੇ ਲੋਕਾਂ ਨੂੰ ਵੰਡ ਦਿੱਤੇ ਸਨ ਅਤੇ ਕੁਝ ਫਾਰਮ ਪਿੰਡ ਦੇ ਸਰਪੰਚ ਨੂੰ ਦੇ ਦਿੱਤੇ ਸਨ ਤਾਂ ਜੋ ਇਨ੍ਹਾਂ ਫਾਰਮਾਂ ਦੀ ਜਾਂਚ ਹੋ ਸਕੇ। ਇਹ ਫਾਰਮ ਹਲਕਾ ਪਟਵਾਰੀ ਨੇ ਜਾਂਚ ਕਰ ਕੇ ਅੱਗੇ ਭੇਜਣੇ ਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਕਾਫ਼ੀ ਲੋਕਾਂ ਦੇ ਫਾਰਮ ਉਨ੍ਹਾਂ ਫੂਡ ਇੰਸਪੈਕਟਰ ਪੁਨੀਤ ਗੋਇਲ ਨੂੰ ਵੀ ਜਮ੍ਹਾ ਕਰਵਾ ਦਿੱਤੇ ਸਨ।
ਕੀ ਕਹਿਣਾ ਹੈ ਪਟਵਾਰੀ ਦਾ
ਓਧਰ ਜਦੋਂ ਇਸ ਸਬੰਧੀ ਹਲਕਾ ਪਟਵਾਰੀ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਫਾਰਮਾਂ 'ਤੇ ਲਾਭਪਾਤਰੀ ਦੇ ਨਾਂ 'ਤੇ ਕਿੰਨੀ ਜ਼ਮੀਨ ਹੈ, ਉਸ ਦੀ ਰਿਪੋਰਟ ਲਿਖ ਕੇ ਭੇਜਣੀ ਹੁੰਦੀ ਹੈ।
ਕੀ ਕਹਿਣਾ ਹੈ ਫੂਡ ਸਪਲਾਈ ਇੰਸਪੈਕਟਰ ਦਾ
ਇਸ ਸਬੰਧੀ ਜਦੋਂ ਫੂਡ ਸਪਲਾਈ ਇੰਸਪੈਕਟਰ ਪੁਨੀਤ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਫਾਰਮ ਉਨ੍ਹਾਂ ਕੋਲ ਪਟਵਾਰੀ ਅਤੇ ਹੋਰ ਉਚ ਅਧਿਕਾਰੀਆਂ ਕੋਲੋਂ ਜਾਂਚ ਪੜਤਾਲ ਕਰਨ 'ਤੇ ਸਹੀ ਪਾਏ ਗਏ ਹਨ, ਉਨ੍ਹਾਂ ਨੂੰ ਕਣਕ ਦੇ ਦਿੱਤੀ ਗਈ ਹੈ। ਜੇਕਰ ਹੋਰ ਵੀ ਕੋਈ ਫਾਰਮ ਸਾਡੇ ਕੋਲ ਆਉਂਦਾ ਹੈ ਤਾਂ ਬਣਦੇ ਲਾਭਪਾਤਰੀਆਂ ਨੂੰ ਕਣਕ ਦਿੱਤੀ ਜਾਵੇਗੀ।
ਪਬਲਿਕ ਸੀਟ ਬੈਲਟ ਨਾ ਲਾਏ ਤਾਂ ਚਲਾਨ ਪਰ ਟੋਅ ਵੈਨ ਵਾਲਿਆਂ 'ਤੇ ਟ੍ਰੈਫਿਕ ਪੁਲਸ ਮਿਹਰਬਾਨ
NEXT STORY