ਬਰਨਾਲਾ/ਮਹਿਲ ਕਲਾਂ (ਵਿਵੇਕ ਸਿੰਧਵਾਨੀ, ਰਵੀ, ਹਮੀਦੀ) - ਬਰਨਾਲਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਟੱਲੇਵਾਲ ’ਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਘਰ ਦੇ ਕਮਰੇ ’ਚੋਂ ਇਕ ਨੌਜਵਾਨ ਅਤੇ ਇਕ ਲੜਕੀ ਦੀ ਲਾਸ਼ ਸ਼ੱਕੀ ਹਾਲਾਤ ’ਚ ਮਿਲੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਟੱਲੇਵਾਲ ਦੇ ਇਕ ਘਰ ’ਚ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ। ਮੌਕੇ ’ਤੇ ਦੇਖਿਆ ਗਿਆ ਕਿ ਨੌਜਵਾਨ ਦੀ ਲਾਸ਼ ਕਮਰੇ ’ਚ ਪੱਖੇ ਨਾਲ ਲਮਕ ਰਹੀ ਸੀ, ਜਦਕਿ ਲੜਕੀ ਦੀ ਲਾਸ਼ ਉਸੇ ਕਮਰੇ ’ਚ ਬੈੱਡ ’ਤੇ ਪਈ ਸੀ। ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਿਆ ਜਾਪਦਾ ਹੈ।
ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਰਵਿੰਦਰ ਸਿੰਘ (30) ਪੁੱਤਰ ਰਜਿੰਦਰ ਸਿੰਘ, ਵਾਸੀ ਕਾਉਂਕੇ (ਮਾਛੀਵਾੜਾ), ਜ਼ਿਲਾ ਲੁਧਿਆਣਾ ਅਤੇ ਬਲਜੀਤ ਕੌਰ (25) ਪੁੱਤਰੀ ਕੁਲਦੀਪ ਸਿੰਘ, ਵਾਸੀ ਅਲੀਗੜ੍ਹ (ਜਗਰਾਓਂ) ਵਜੋਂ ਹੋਈ ਹੈ।
ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਕਰੀਬ 7 ਵਜੇ ਇਸ ਘਟਨਾ ਦੀ ਸੂਚਨਾ ਮਿਲੀ ਸੀ। ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੋਰੈਂਸਿਕ (ਪ੍ਰੋਸੈਸਿੰਗ) ਟੀਮਾਂ ਨੂੰ ਬੁਲਾਇਆ ਗਿਆ ਤਾਂ ਜੋ ਘਟਨਾ ਸਥਾਨ ਤੋਂ ਪੁਖਤਾ ਸਬੂਤ ਇਕੱਠੇ ਕੀਤੇ ਜਾ ਸਕਣ।
ਪੁਲਸ ਅਧਿਕਾਰੀਆਂ ਅਨੁਸਾਰ, ਪਹਿਲੀ ਨਜ਼ਰੇ ਇਹ ਮਾਮਲਾ ਖੁਦਕੁਸ਼ੀ (ਸੁਸਾਈਡ) ਦਾ ਜਾਪਦਾ ਹੈ ਪਰ ਅਸਲ ਸੱਚਾਈ ਪੋਸਟਮਾਰਟਮ ਦੀ ਰਿਪੋਰਟ ਅਤੇ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਵਾਂ ਮ੍ਰਿਤਕਾਂ ਦਾ ਆਪਸ ਵਿਚ ਕੀ ਰਿਸ਼ਤਾ ਸੀ ਅਤੇ ਉਹ ਟੱਲੇਵਾਲ ਵਿਖੇ ਕਿਸ ਹਾਲਤ ’ਚ ਰਹਿ ਰਹੇ ਸਨ।
ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਭੇਜ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਕੰਗਨਘਾਟ 'ਚ ਮਲਟੀ ਲੈਵਲ ਪਾਰਕਿੰਗ ਦਾ ਕੰਮ ਛੇਤੀ ਹੋਵੇਗਾ ਸ਼ੁਰੂ, CM ਨਿਤੀਸ਼ ਕੁਮਾਰ ਨੇ ਕੀਤਾ ਨਿਰੀਖਣ
NEXT STORY