ਬਟਾਲਾ (ਬੇਰੀ)— ਇਕ ਮਾਂ ਦੀ ਬਹਾਦਰੀ ਨੇ ਆਪਣੀ ਬੇਟੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਸਥਾਨਕ ਮੁਹੱਲਾ ਪ੍ਰੇਮ ਨਗਰ ਵਾਸੀ ਆਸ਼ਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਲੜਕੀ ਮਿਨਾਕਸ਼ੀ (ਕਾਲਪਨਿਕ ਨਾਂ) ਆਪਣੇ ਘਰ ਵਾਪਸ ਆ ਰਹੀ ਸੀ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੀ ਲੜਕੀ ਦੇ ਪਿੱਛੇ ਆਏ ਅਤੇ ਉਸ ਨਾਲ ਛੇੜਖਾਨੀ ਕਰਨ ਲੱਗੇ। ਲੜਕੀ ਕਿਸੇ ਤਰ੍ਹਾਂ ਭੱਜ ਕੇ ਆਪਣੇ ਘਰ ਪਹੁੰਚੀ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ।
ਮਾਮਲੇ ਦੀ ਜਾਣਕਾਰੀ ਮਿਲਣ 'ਤੇ ਲੜਕੀ ਦੀ ਮਾਂ ਉਸ ਦੇ ਨਾਲ ਗਈ ਅਤੇ ਉਕਤ ਦੋਵੇਂ ਨੌਜਵਾਨ ਚੌਕ 'ਚ ਖੜ੍ਹੇ ਸਨ। ਲੜਕੀ ਨੂੰ ਦੇਖ ਕੇ ਦੁਬਾਰਾ ਉਸ ਨਾਲ ਛੇੜਖਾਨੀ ਕਰਨ ਲੱਗੇ ਤਾਂ ਲੜਕੀ ਦੀ ਮਾਂ ਨੇ ਪਿੱਛੇ ਬੈਠੇ ਮੋਟਰਸਾਈਕਲ ਸਵਾਰ ਨੂੰ ਝਪਟ ਲਿਆ, ਜਿਸ 'ਤੇ ਦੋਵੇਂ ਮੋਟਰਸਾਈਕਲ ਸਵਾਰ ਖੁਦ ਨੂੰ ਛੁਡਾਉਣ ਲੱਗੇ ਤਾਂ ਲੜਕੀ ਦੀ ਮਾਂ ਨੇ ਉਨ੍ਹਾਂ ਨੂੰ ਫੜ ਲਿਆ। ਰੌਲਾ ਪਾਉਣ 'ਤੇ ਬਾਜ਼ਾਰ ਦੇ ਲੋਕ ਇਕੱਠੇ ਹੋਣ ਲੱਗੇ ਤੇ ਇਹ ਦੇਖ ਦੋਵੇਂ ਭੂੰਡ ਆਸ਼ਕ ਆਪਣਾ ਮੋਟਰਸਾਈਕਲ ਛੱਡ ਕੇ ਉਥੋਂ ਭੱਜ ਨਿਕਲੇ। ਲੋਕਾਂ ਨੇ ਇਸ ਮਾਮਲੇ 'ਚ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੋਟਰਸਾਈਕਲ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਲੜਕੀ ਦੀ ਮਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਉਕਤ ਦੋਵੇਂ ਨੌਜਵਾਨਾਂ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ 'ਚ ਉਹ ਕਿਸੇ ਹੋਰ ਲੜਕੀ ਨਾਲ ਅਜਿਹਾ ਨਾ ਕਰਨ। ਜਦੋਂ ਇਸ ਸਬੰਧ 'ਚ ਥਾਣਾ ਪ੍ਰਭਾਰੀ ਸੁਦੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਡੀ. ਟੀ. ਓ. ਦੇ ਦਫਤਰ 'ਚ ਮੋਟਰਸਾਈਕਲ ਦੇ ਨੰਬਰ ਦੀ ਡਿਟੇਲ ਕਢਵਾਉਣ ਲਈ ਭੇਜਿਆ ਗਿਆ ਹੈ ਅਤੇ ਜਾਣਕਾਰੀ ਮਿਲਦੇ ਹੀ ਨੌਜਵਾਨਾਂ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆ ਮਸ਼ੀਨਾਂ ਰਾਹੀਂ ਹੀ ਹੋਵੇਗੀ ਝੋਨੇ ਦੀ ਕਟਾਈ : ਈਸ਼ਾ ਕਾਲੀਆ
NEXT STORY