ਕਪੂਰਥਲਾ (ਭੂਸ਼ਣ, ਮਹਾਜਨ)-ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ’ਚ ਵਿਜੀਲੈਂਸ ਬਿਊਰੋ ਵੱਲੋਂ ਕਈ ਸਰਕਾਰੀ ਅਧਿਕਾਰੀਆਂ ਸਮੇਤ ਵੱਡੇ ਪੱਧਰ ’ਤੇ ਰਿਸ਼ਵਤਖੋਰ ਸਰਕਾਰੀ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਨੇ ਜਿੱਥੇ ਇਸ ਸੱਚਾਈ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੂਬੇ ਭਰ ’ਚ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਸਰਕਾਰੀ ਵਿਭਾਗਾਂ ’ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਉੱਥੇ ਹੀ ਬੀਤੇ ਕੁਝ ਮਹੀਨਿਆਂ ਦੌਰਾਨ ਵਿਜੀਲੈਂਸ ਵਿਭਾਗ ਦੀ ਕਮਜ਼ੋਰ ਹੋਈ ਕਾਰਜਪ੍ਰਣਾਲੀ ਕਾਰਨ ਕਾਫ਼ੀ ਗਿਣਤੀ ’ਚ ਅਜਿਹੇ ਰਿਸ਼ਵਤਖੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹੌਂਸਲੇ ਬੁਲੰਦੀਆਂ ਤੱਕ ਪਹੁੰਚ ਗਏ ਹਨ, ਜੋ ਲੰਬੇ ਸਮੇਂ ਤੱਕ ਆਪਣੀਆਂ ਭ੍ਰਿਸ਼ਟ ਗਤੀਵਿਧੀਆਂ ਕਾਰਨ ਬਦਨਾਮ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਰਚ 2022 ’ਚ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਨੂੰ ਪ੍ਰਮੁੱਖ ਮੁੱਦਾ ਬਣਾਉਂਦੇ ਹੋਏ ਜਲਦ ਹੀ ਸੂਬੇ ਨੂੰ ਰਿਸ਼ਵਤਖੋਰੀ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਮੁੱਖ ਮੰਤਰੀ ਦੇ ਹੁਕਮਾ ’ਤੇ ਵਿਜੀਲੈਂਸ ਬਿਊਰੋ ਨੇ ਸੂਬੇ ਭਰ ’ਚ ਜ਼ਬਰਦਸਤ ਮੁਹਿੰਮ ਚਲਾਉਂਦੇ ਹੋਏ ਕਈ ਵੱਡੇ ਸਰਕਾਰੀ ਅਧਿਕਾਰੀਆਂ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਅਜਿਹੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਸੀ, ਜਿਨ੍ਹਾਂ ਨੇ ਰਿਸ਼ਵਤਖੋਰੀ ਦੀ ਖੇਡ ਨੂੰ ਸਰੇਆਮ ਅੰਜਾਮ ਦਿੰਦੇ ਹੋਏ ਲੱਖਾਂ-ਕਰੋੜਾਂ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ।
ਜੇਕਰ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਭਰ ’ਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਜਾਰੀ ਕਰਮਚਾਰੀਆਂ ਤੇ ਜੂਨੀਅਰ ਕਰਮਚਾਰੀਆਂ ਦੇ ਤਬਾਦਲਿਆਂ ਦੇ ਹੁਕਮਾਂ ਨੂੰ ਵੇਖਿਆ ਜਾਵੇ ਤਾਂ ਵੱਡੀ ਗਿਣਤੀ ’ਚ ਅਜਿਹੇ ਸਰਕਾਰੀ ਅਧਿਕਾਰੀਆਂ ਨੂੰ 2 ਤੋਂ 3 ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜੋ ਪਹਿਲਾਂ ਵੀ ਇਨ੍ਹਾਂ ਥਾਵਾਂ ’ਤੇ ਤਾਇਨਾਤ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਆਮ ਲੋਕਾਂ ਵੱਲੋਂ ਇਨ੍ਹਾਂ ’ਤੇ ਉਂਗਲ ਚੁੱਕੀ ਜਾਂਦੀ ਰਹੀ ਹੈ।
ਹੁਣ ਫਿਰ ਤੋਂ ਅਜਿਹੇ ਸ਼ੱਕੀ ਅਧਿਕਾਰੀਆਂ ਦੀ ਸੂਬੇ ਭਰ ’ਚ ਵੱਖ-ਵੱਖ ਜ਼ਿਲਿਆਂ ’ਚ ਤਾਇਨਾਤੀ ਨੇ ਉਨ੍ਹਾਂ ਦੀ ਮੰਸ਼ਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਹੈ ਪਰ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਸੂਬੇ ਭਰ ’ਚ ਅਜਿਹੇ ਸ਼ੱਕੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਸਕਦੀਆਂ ਹਨ, ਜੋ ਪਹਿਲਾਂ ਵੀ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਜਾਂ ਤਾਂ ਵਿਜੀਲੈਂਸ ਬਿਊਰੋ ਵਿਭਾਗ ਵੱਲੋਂ ਫੜੇ ਜਾ ਚੁੱਕੇ ਹਨ ਜਾਂ ਫਿਰ ਉਨ੍ਹਾਂ ’ਤੇ ਵਿਭਾਗ ਵੱਲੋਂ ਟ੍ਰੈਪ ਵੀ ਲਗਾਏ ਜਾ ਚੁੱਕੇ ਹਨ। ਅਜਿਹੇ ਰਿਸ਼ਵਤਖੋਰ ਅਧਿਕਾਰੀਆਂ ਦੀ ਸੂਬੇ ਭਰ ’ਚ ਵੱਖ-ਵੱਖ ਜ਼ਿਲ੍ਹਿਆਂ ’ਚ ਹੋਈ ਤਾਇਨਾਤੀ ਨਾਲ ਸਰਕਾਰ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਦੀ ਮੁਹਿੰਮ ’ਤੇ ਉਲਟ ਅਸਰ ਪੈਂਦਾ ਦੇਖਣ ਨੂੰ ਮਿਲ ਸਕਦਾ ਹੈ, ਜਿਸ ਦਾ ਸਿੱਧਾ ਨੁਕਸਾਨ ਸਰਕਾਰ ਦੇ ਅਕਸ ’ਤੇ ਪੈ ਸਕਦਾ ਹੈ। ਉੱਥੇ ਹੀ ਹੁਣ ਵਿਜੀਲੈਂਸ ਵਿਭਾਗ ਵੱਲੋਂ ਚਲਾਈ ਗਈ ਇਸ ਨਵੀਂ ਮੁਹਿੰਮ ਨਾਲ ਆਉਣ ਵਾਲੇ ਦਿਨਾਂ ’ਚ ਕਈ ਰਿਸ਼ਵਤਖੋਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਵੇਖਣ ਨੂੰ ਮਿਲ ਸਕਦੀ ਹੈ।
ਸਰਕਾਰ ਦੀ ਸ਼ੁਰੂਆਤੀ ਕਾਰਵਾਈ ਨਾਲ ਆਮ ਲੋਕਾਂ ਨੂੰ ਮਿਲੀ ਸੀ ਰਾਹਤ
ਸਰਕਾਰ ਦੀ ਸ਼ੁਰੂਆਤੀ ਕਾਰਵਾਈ ਨਾਲ ਜਿੱਥੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ, ਉੱਥੇ ਹੀ ਮੁੱਖ ਮੰਤਰੀ ਦੇ ਪੋਰਟਲ ’ਤੇ ਪ੍ਰਾਪਤ ਹੋਈਆਂ ਰਿਸ਼ਵਤਖੋਰੀ ਨਾਲ ਸਬੰਧਤ ਸ਼ਿਕਾਇਤਾਂ ਦੇ ਤੁਰੰਤ ਹੱਲ ਕਾਰਨ ਸਰਕਾਰ ਦਾ ਅਕਸ ਵੀ ਨਵੀਆਂ ਉਚਾਈਆਂ ’ਤੇ ਪਹੁੰਚ ਗਿਆ ਸੀ, ਜਿਸ ਦੇ ਨਤੀਜੇ ਵਜੋਂ ਰਿਸ਼ਵਤਖੋਰੀ ਦੀ ਆਦਤ ਤੋਂ ਨਜ਼ਬੂਰ ਵੱਡੀ ਗਿਣਤੀ ’ਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀਆਂ ਪੋਸਟਾਂ ਮਹੱਤਵਹੀਨ ਥਾਵਾਂ ’ਤੇ ਕਰਵਾ ਲਈ ਸੀ ਤਾਂ ਜੋ ਉਹ ਕਿਸੇ ਵੱਡੀ ਸਰਕਾਰੀ ਕਾਰਵਾਈ ਤੋਂ ਬਚ ਸਕਣ। ਇਸ ਤੋਂ ਬਾਅਦ ਰਿਸ਼ਵਤਖੋਰੀ ਨੂੰ ਲੈ ਕੇ ਚੱਲ ਰਹੀ ਵਿਜੀਲੈਂਸ ਦੀ ਮੁਹਿੰਮ ਠੰਡੀ ਪੈਣ ਨਾਲ ਇਕ ਵਾਰ ਫਿਰ ਤੋਂ ਖੁੱਡੇ ਲਾਈਨ ਚਲੇ ਗਏ ਵੱਡੀ ਗਿਣਤੀ ’ਚ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਫਿਰ ਤੋਂ ਉਨ੍ਹਾਂ ਥਾਵਾਂ ’ਤੇ ਤਾਇਨਾਤ ਹੋ ਗਏ ਸਨ, ਜਿੱਥੇ ਉਹ ਪਹਿਲਾਂ ਰਿਸ਼ਵਤਖੋਰੀ ਦੀ ਖੇਡ ਨੂੰ ਅੰਜਾਮ ਦਿੰਦੇ ਸਨ।
ਵਿਜੀਲੈਂਸ ਵਿਭਾਗ ਨੂੰ ਰਿਸ਼ਵਤਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ
ਸਰਕਾਰ ਦੀ ਇਸ ਕਾਰਵਾਈ ਦੇ ਢਿੱਲੀ ਪੈਣ ਨਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਸਭਾ ਚੋਣਾਂ ’ਚ ਭਾਰੀ ਨੁਕਸਾਨ ਝੱਲਣਾ ਪਿਆ ਤੇ ਕਿਤੇ ਨਾ ਕਿਤੇ ਸੂਬੇ ’ਚ ਇਕ ਵਾਰ ਫਿਰ ਤੋਂ ਵੱਧ ਚੁੱਕੀ ਰਿਸ਼ਵਤਖੋਰੀ ਨੇ ਸਰਕਾਰ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜਿਸ ਤੋਂ ਸਬਕ ਲੈਂਦੇ ਹੋਏ ਹੁਣ ਇਕ ਵਾਰ ਫਿਰ ਤੋਂ ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਰਿਸ਼ਵਤਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਸ ਦੇ ਨਤੀਜੇ ਵਜੋਂ ਪਿਛਲੇ ਕੁਝ ਦਿਨਾਂ ਦੌਰਾਨ ਹੀ ਕਈ ਰਿਸ਼ਵਤਖੋਰ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਫੜੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਰਿਸ਼ਵਤਖੋਰੀ ਦੀ ਆਦਤ ਤੋਂ ਮਜਬੂਰ ਬਹੁਤ ਸਾਰੇ ਸਰਕਾਰੀ ਅਧਿਕਾਰੀ ਉਨ੍ਹਾਂ ਥਾਵਾਂ ’ਤੇ ਦੋਬਾਰਾ ਤਾਇਨਾਤ ਹੋਣ ਲਈ ਜੁਗਾੜ ਲਗਾ ਰਹੇ ਹਨ, ਜਿਨ੍ਹਾਂ ਨੂੰ ਉਹ ਮਲਾਈਦਾਰ ਪੋਸਟਾਂ ਸਮਝਦੇ ਹਨ। ਇਨ੍ਹਾਂ ’ਚੋਂ ਕਈ ਸਾਰੇ ਸਰਕਾਰੀ ਅਧਿਕਾਰੀਆਂ ਨੇ ਤਾਂ ਜੁਗਾੜ ਲਗਾ ਕੇ ਆਪਣੀ ਪੋਸਟਿੰਗ 2 ਤੋਂ 3 ਥਾਵਾਂ ’ਤੇ ਕਰਵਾਈ ਹੋਈ ਹੈ ਤੇ ਇਨ੍ਹਾਂ ਥਾਵਾਂ ’ਤੇ ਆਪਣੀ ਤਾਇਨਾਤੀ ਦੇ ਲਈ ਮਨਮਰਜੀ ਦੇ ਦਿਨਾਂ ਦੇ ਹੁਕਮ ਜਾਰੀ ਕਰਵਾ ਰੱਖੇ ਹਨ ਤਾਂ ਜੋ ਆਪਣੀਆਂ ਮਨਪਸੰਦ ਪੋਸਟਾਂ ’ਤੇ ਤਾਇਨਾਤ ਰਹਿ ਕੇ ਭ੍ਰਿਸ਼ਟਾਚਾਰ ਨੂੰ ਅੰਜਾਮ ਦਿੱਤਾ ਜਾ ਸਕੇ।
ਪੰਜਾਬ ਸਰਕਾਰ ਦੀ ਵੱਡੀ ਯੋਜਨਾ, CRM ਮਸ਼ੀਨਾਂ ਨਾਲ ਕਿਸਾਨੀ ਨੂੰ ਮਿਲੀ ਨਵੀਂ ਦਿਸ਼ਾ
NEXT STORY