ਮਲੋਟ (ਜੁਨੇਜਾ) : ਦੋ ਭਰਾਵਾਂ ਦੀ ਹੋ ਰਹੀ ਲੜਾਈ ਛਡਾਉਣ ਗਏ ਗੁਆਂਢੀ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਲੰਬੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਚਰਨਜੀਤ ਕੌਰ ਪਤਨੀ ਸੁਖਰਾਜ ਸਿੰਘ ਨੇ ਦੱਸਿਆ ਕਿ 12 ਜੁਲਾਈ ਨੂੰ ਰਾਤ ਸਾਢੇ 10 ਵਜੇ ਦਾ ਸਮਾਂ ਸੀ। ਉਹ ਆਪਣੇ ਘਰ ਸੀ। ਜਦੋਂ ਗੁਆਂਢ ਗੁਰਤੇਜ ਸਿੰਘ ਦੀ ਪਤਨੀ ਉਨ੍ਹਾਂ ਦੇ ਘਰ ਆਈ ਤੇ ਕਹਿਣ ਲੱਗੀ ਕਿ ਉਸਦਾ ਲੜਕਾ ਹਰਜੀਤ ਸਿੰਘ ਜੀਤੀ ਆਪਣੇ ਛੋਟੇ ਭਰਾ ਦੀ ਕੁੱਟਮਾਰ ਕਰ ਰਿਹਾ ਹੈ। ਤੁਸੀਂ ਆ ਕੇ ਉਸਦੇ ਪੁੱਤ ਨੂੰ ਬਚਾ ਲਓ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਗੁਰਤੇਜ ਸਿੰਘ ਦੇ ਘਰ ਲੜਾਈ ਝਗੜਾ ਹੁੰਦਾ ਸੀ ਅਤੇ ਗੁਆਂਢ ਕਰਕੇ ਉਹ ਛੁਡਾਉਣ ਲਈ ਚਲੇ ਜਾਂਦੇ ਸਨ।
ਉਸ ਰਾਤ ਵੀ ਉਹ ਆਪਣੇ ਘਰੋਂ ਦੋਹਾਂ ਭਰਾਵਾਂ ਦੀ ਲੜਾਈ ਛੁਡਾਉਣ ਤੁਰ ਪਈ। ਉਸ ਦਾ ਲੜਕਾ ਨਵਦੀਪ ਸਿੰਘ ਉਰਫ ਅਰਸ਼ਦੀਪ ਵੀ ਉਸ ਦੇ ਨਾਲ ਚੱਲ ਪਿਆ। ਉਨ੍ਹਾਂ ਵੇਖਿਆ ਕਿ ਜੀਤੀ ਆਪਣੇ ਛੋਟੇ ਭਰਾ ਨੂੰ ਕੁੱਟ ਰਿਹਾ ਹੈ ਜਿਸ ਤੇ ਅਰਸ਼ਦੀਪ ਨੇ ਦੋਵਾਂ ਭਰਾਵਾਂ ਨੂੰ ਲੜਨ ਤੋਂ ਰੋਕਿਆ ਅਤੇ ਜੀਤੀ ਤੋਂ ਉਸ ਦੇ ਛੋਟੇ ਭਰਾ ਨੂੰ ਛੁਡਾਇਆ। ਇਸ ’ਤੇ ਹਰਜੀਤ ਸਿੰਘ ਜੀਤੀ ਗੁੱਸੇ ਵਿਚ ਆ ਗਿਆ ਅਤੇ ਅੰਦਰ ਕਮਰੇ ਵਿਚ ਚਲਾ ਗਿਆ। ਅੰਦਰੋਂ ਉਹ ਤੇਜ਼ ਧਾਰ ਗੰਡਾਸੀ ਲੈ ਕੇ ਆਇਆ ਅਤੇ ਜ਼ੋਰ ਨਾਲ ਉਸ ਦੇ ਪੁੱਤਰ ਅਰਸ਼ਦੀਪ ਦੇ ਸਿਰ ਵਿਚ ਮਾਰੀ । ਅਰਸ਼ਦੀਪ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਬਾਦਲ ਅਤੇ ਫਿਰ ਏਮਜ਼ ਬਠਿੰਡਾ ਲਿਜਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਨਿਊਰੋ ਦੇ ਮਾਹਿਰ ਕੋਲ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਲੰਬੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਹਿਲਾਂ ਮ੍ਰਿਤਕ ਦੇ ਪਿਤਾ ਸੁਖਰਾਜ ਸਿੰਘ ਪੁੱਤਰ ਚਾਨਣ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ। 20 ਜੁਲਾਈ ਨੂੰ ਅਰਸ਼ਦੀਪ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਲੰਬੀ ਪੁਲਸ ਨੇ ਉਕਤ ਕੇਸ ਵਿਚ ਕਤਲ ਦੇ ਦੋਸ਼ ਤਹਿਤ ਵਾਧਾ ਜੁਰਮ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਹਰਜੀਤ ਸਿੰਘ ਜੀਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਾਉਣ ਦੀ ਬੂੰਦਾਬਾਂਦੀ ਨੇ ਦੂਜੇ ਦਿਨ ਵੀ ਦਿੱਤੀ ਹੁੰਮਸ ਤੋਂ ਰਾਹਤ
NEXT STORY