ਜਲੰਧਰ (ਮਹੇਸ਼) : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਜਨ-ਕਲਿਆਣ ਦਿਵਸ ਵਜੋਂ ਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਇਸ ਅਧੀਨ ਪੰਜਾਬ ਭਰ 'ਚ ਜ਼ਿਲਾ ਪੱਧਰੀ ਸਮਾਗਮ ਕਰਵਾਏ ਗਏ। 18 ਜਨਵਰੀ ਨੂੰ ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਦੀ ਯੋਗ ਅਗਵਾਈ 'ਚ ਪੰਜਾਬ ਦੇ ਮੁੱਖ ਬਸਪਾ ਆਗੂ ਭੈਣ ਕੁਮਾਰੀ ਮਾਇਆਵਤੀ ਦੇ ਨਿਵਾਸ ਸਥਾਨ ਦਿੱਲੀ ਵਿਖੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ। ਇਨ੍ਹਾਂ ਆਗੂਆਂ 'ਚ ਵਿਸ਼ੇਸ਼ ਤੌਰ 'ਤੇ ਬਸਪਾ ਪੰਜਾਬ, ਹਰਿਆਣਾ, ਚੰਡੀਗੜ੍ਹ ਇੰਚਾਰਜ ਡਾ. ਮੇਘਰਾਜ ਸਿੰਘ ਅਤੇ ਸੂਬਾ ਇੰਚਾਰਜ ਗਣਧੀਰ ਸਿੰਘ ਬੈਨੀਵਾਲ ਸ਼ਾਮਲ ਸਨ। ਰਸ਼ਪਾਲ ਸਿੰਘ ਰਾਜੂ ਨੇ ਦੱਸਿਆ ਕਿ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਾਬ 'ਚ ਵੀ ਗੈਰ-ਕਾਂਗਰਸ ਅਤੇ ਗੈਰ-ਭਾਜਪਾ ਮਹਾ ਗੱਠਜੋੜ ਕੀਤਾ ਜਾਵੇਗਾ।
ਇਸ 'ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਮੰਚ, ਟਕਸਾਲੀ ਅਕਾਲੀ ਦਲ ਅਤੇ ਯੂਨਾਈਟਿਡ ਅਕਾਲੀ ਦਲ (ਬਰਗਾੜੀ) ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਨ੍ਹਾਂ ਪਾਰਟੀਆਂ ਦੇ ਮੁਖੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਛੇਤੀ ਹੀ ਇਹ ਮਹਾ ਗੱਠਜੋੜ ਬਣ ਕੇ ਸਿਰੇ ਚੜ੍ਹ ਜਾਵੇਗਾ। ਸੂਬਾ ਪ੍ਰਧਾਨ ਨੇ ਸਰਬ ਸਮਾਜ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤਾਂ ਅਤੇ ਛੋਟੇ ਵਪਾਰੀਆਂ, ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਲਈ ਲੜ ਰਹੀ ਬਸਪਾ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਾਰੀਆਂ ਪਾਰਟੀਆਂ ਇਕਮਤ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਵੀ ਆਮ ਸਹਿਮਤੀ ਨਾਲ ਕਰ ਲਈ ਜਾਵੇਗੀ।
ਲਤੀਫਪੁਰਾ ਦੇ ਪੀੜਤਾਂ ਨੇ ਰਾਜਧਾਨੀ ਪਹੁੰਚ ਕੇ ਸਰਕਾਰ ਤੋਂ ਲਗਾਈ ਨਿਆਂ ਦੀ ਗੁਹਾਰ
NEXT STORY