ਚੰਡੀਗੜ੍ਹ/ਜਲੰਧਰ (ਭੁੱਲਰ)—1947 'ਚ ਭਾਰਤ-ਪਾਕਿ ਬਟਵਾਰੇ ਸਮੇਂ ਪਾਕਿਸਤਾਨ ਤੋਂ ਸ਼ਰਨਾਰਥੀ ਦੇ ਰੂਪ 'ਚ ਉੱਜੜ ਕੇ ਆਏ ਜਲੰਧਰ ਦੇ ਮਾਡਲ ਟਾਊਨ ਨਾਲ ਪੈਂਦੇ ਪਿੰਡ ਲਤੀਫਪੁਰਾ 'ਚ ਵਸੇ 450 ਵਸਨੀਕਾਂ ਨੇ ਇਸ ਸਮੇਂ ਕੈਪਟਨ ਸਰਕਾਰ 'ਤੇ ਉਨ੍ਹਾਂ ਨੂੰ ਉਜਾੜਨ ਦੀ ਕਾਰਵਾਈ ਕਰਕੇ ਬੇਇਨਸਾਫੀ ਕਰਨ ਦੇ ਦੋਸ਼ ਲਾਉਂਦਿਆਂ ਬੀਤੇ ਦਿਨਚੰਡੀਗੜ੍ਹ ਪਹੁੰਚ ਕੇ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਇਨਸਾਫ ਦੀ ਗੁਹਾਰ ਲਾਈ ਹੈ।
ਪੀੜਤ ਪਰਿਵਾਰਾਂ ਦੇ ਮੈਂਬਰ, ਜਿਨ੍ਹਾਂ 'ਚ ਔਰਤਾਂ, ਬਿਰਧ ਅਤੇ ਬੱਚੇ ਵੀ ਸ਼ਾਮਲ ਸਨ, ਅੱਜ ਸਰਕਾਰ ਨੂੰ ਗੁਹਾਰ ਲਾਉਣ ਲਈ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਚੰਡੀਗੜ੍ਹ ਪ੍ਰੈੱਸ ਕਲੱਬ ਪਹੁੰਚੇ। ਪੀੜਤ ਪਰਿਵਾਰਾਂ ਦੇ ਮੈਂਬਰ 72 ਸਾਲਾਂ ਤੋਂ ਲਤੀਫਪੁਰਾ 'ਚ ਰਹਿ ਰਹੇ ਹਨ ਪਰ ਹੁਣ ਨਗਰ ਸੁਧਾਰ ਟਰੱਸਟ ਵਲੋਂ ਉਨ੍ਹਾਂ ਨੂੰ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਅਤੇ ਸਬੰਧਤ ਖੇਤਰ ਦੇ ਵਿਧਾਇਕ ਪ੍ਰਗਟ ਸਿੰਘ ਵੀ ਉਨ੍ਹਾਂ ਲਈ ਕੁਝ ਨਹੀਂ ਕਰ ਰਹੇ। ਕਈ ਔਰਤਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ ਬਣਨ 'ਤੇ ਬੜੀਆਂ ਉਮੀਦਾਂ ਸਨ ਅਤੇ ਇਸੇ ਉਮੀਦ ਨਾਲ ਉਨ੍ਹਾਂ ਨੇ ਵੱਡੀ ਗਿਣਤੀ 'ਚ ਵੋਟਾਂ ਵੀ ਕਾਂਗਰਸ ਨੂੰ ਪਾਈਆਂ ਪਰ ਹੁਣ ਇਹ ਸਰਕਾਰ ਉਨ੍ਹਾਂ ਨੂੰ ਇਨਸਾਫ ਦੇਣ ਦੀ ਥਾਂ ਉਜਾੜਨ ਦੇ ਰਾਹ ਤੁਰ ਪਈ ਹੈ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਡੀਆਂ-ਵੱਡੀਆਂ ਵਪਾਰਕ ਇਮਾਰਤਾਂ ਅਤੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰ ਸਕਦੀ ਹੈ ਤਾਂ ਉਨ੍ਹਾਂ ਦੇ ਛੋਟੇ-ਛੋਟੇ ਮਕਾਨਾਂ ਲਈ ਅਜਿਹੀ ਨੀਤੀ ਕਿਉਂ ਨਹੀਂ ਬਣ ਸਕਦੀ। ਪੀੜਤ ਪਰਿਵਾਰਾਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦੇਵੇ ਕਿਉਂਕਿ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹ ਰਿਹਾ ਹੈ। ਉਨ੍ਹਾਂ ਇਹ ਪੇਸ਼ਕਸ਼ ਵੀ ਕੀਤੀ ਕਿ ਉਹ ਬਣਦੇ ਮੁੱਲ ਅਨੁਸਾਰ ਕਿਸ਼ਤਾਂ 'ਚ ਆਪਣੀਆਂ ਰਿਹਾਇਸ਼ੀ ਥਾਵਾਂ ਦੇ ਪੈਸੇ ਭਰਨ ਲਈ ਵੀ ਤਿਆਰ ਹਨ ਪਰ ਉਜਾੜਾ ਕਿਸੇ ਵੀ ਹਾਲਤ 'ਚ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਜ਼ਬਰਦਸਤੀ ਹੋਈ ਤਾਂ ਸੈਂਕੜੇ ਲੋਕਾਂ ਲਈ ਖੁਦਕੁਸ਼ੀ ਵਾਲੀ ਹਾਲਤ ਬਣ ਜਾਵੇਗੀ।
ਚੋਣਾਂ ਤੋਂ ਪਹਿਲਾਂ 'ਡੀ. ਜੀ. ਪੀ. ਅਰੋੜਾ' ਨੂੰ ਲਾਂਭੇ ਕਰੇਗੀ ਪੰਜਾਬ ਸਰਕਾਰ!
NEXT STORY