ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ 'ਚ ਨਵੇਂ ਭਰਤੀ ਕੀਤੇ ਗਏ 134 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇੱਥੇ ਪੰਜਾਬ ਭਵਨ ਵਿਖੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਰੂਰਲ ਲਾਇਵਲੀਹੁਡਜ਼ ਮਿਸ਼ਨ (ਪੀ. ਐੱਸ. ਆਰ. ਐੱਲ. ਐੱਮ) ਤਹਿਤ ਗ਼ਰੀਬ ਦਿਹਾਤੀ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਜਾਂਦੇ ਹਨ ਅਤੇ ਪੀ. ਐੱਸ. ਆਰ. ਐੱਲ. ਐੱਮ. ਸਕੀਮ ਨੂੰ ਪਿੰਡ ਪੱਧਰ 'ਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਲੋੜਵੰਦ ਔਰਤਾਂ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਮੁਲਾਜ਼ਮਾਂ ਦਾ ਵਿਸ਼ੇਸ ਯੋਗਦਾਨ ਹੁੰਦਾ ਹੈ, ਇਸ ਲਈ ਉਹ ਆਪਣੀ ਡਿਊਟੀ ਮਿਸ਼ਨਰੀ ਭਾਵਨਾ ਨਾਲ ਨਿਭਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਰੂਰਲ ਲਾਇਵਲੀਹੁਡਜ਼ ਮਿਸ਼ਨ ਦੇ ਲਾਗੂ ਹੋਣ ਨਾਲ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤ ਮੈਂਬਰਾਂ ਦੀ ਨਿਰਭਰਤਾ ਪ੍ਰਾਈਵੇਟ ਫ਼ਾਇਨਾਂਸਰ 'ਤੇ ਕਾਫ਼ੀ ਹੱਦ ਤੱਕ ਘੱਟ ਗਈ ਹੈ।
ਇਸ ਸਕੀਮ ਅਧੀਨ ਪਿੰਡਾਂ ਦੀਆਂ ਔਰਤ ਉਤਪਾਦਕਾਂ ਨੂੰ ਖੇਤੀਬਾੜੀ ਅਤੇ ਪਸ਼ੂ-ਧਨ ਉਤਪਾਦਨ ਵਧਾਉਣ, ਵੈਲਯੂ ਚੇਨ ਵਿਕਸਿਤ ਕਰਨ ਅਤੇ ਗ਼ੈਰ-ਖੇਤੀ ਗਤੀਵਿਧੀਆਂ ਜਿਵੇਂ ਸੈਨੇਟਰੀ ਪੈਡ, ਅਚਾਰ, ਦਸਤਕਾਰੀ ਦੀਆਂ ਚੀਜ਼ਾਂ ਬਣਾਉਣ ਅਤੇ ਸਟੋਰ ਚਲਾਉਣ ਆਦਿ ਜ਼ਰੀਏ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਰਾਹੀਂ ਇਸ ਸਕੀਮ ਦਾ ਲਾਭ ਪੇਂਡੂ ਔਰਤਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਹੱਥਾਂ ਦੇ ਹੁਨਰ ਨੂੰ ਨਿਖਾਰਦੇ ਹੋਏ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹੁਣ ਤੱਕ 29,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਵਿਭਾਗ ਦੀਆਂ ਵੱਖ-ਵੱਖ ਆਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਿਭਾਗ 'ਚ 8 ਕਲਰਕਾਂ ਤੋਂ ਇਲਾਵਾ ਪੰਜਾਬ ਸਟੇਟ ਰੂਰਲ ਲਾਇਵਲੀਹੁਡਜ਼ ਮਿਸ਼ਨ ਅਧੀਨ ਰੱਖੇ ਗਏ 126 ਮੁਲਾਜ਼ਮਾਂ 'ਚ 8 ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, 9 ਜ਼ਿਲ੍ਹਾ ਐੱਮ. ਆਈ. ਐੱਸ ਮੈਨੇਜਰ, 48 ਬਲਾਕ ਪ੍ਰੋਗਰਾਮ ਮੈਨੇਜਰ, 20 ਬਲਾਕ ਪ੍ਰੋਗਰਾਮ ਮੈਨੇਜਰ (ਲਾਇਵਲੀਹੁਡਜ਼), 2 ਬਲਾਕ ਪ੍ਰੋਗਰਾਮ ਮੈਨੇਜਰ (ਐੱਸ. ਵੀ. ਈ. ਪੀ/ਐੱਨ. ਐੱਫ਼), 32 ਕਲੱਸਟਰ ਕੋ-ਆਰਡੀਨੇਟਰ ਅਤੇ ਸਟੇਟ ਪੱਧਰ 'ਤੇ 3 ਯੰਗ ਪ੍ਰੋਫੈਸ਼ਨਲ, 2 ਆਫਿਸ ਅਸਿਸਟੈਂਟ, 1 ਅਕਾਊਂਟ ਅਸਿਸਟੈਂਟ ਅਤੇ 1 ਐੱਮ. ਆਈ. ਐੱਸ ਅਸਿਸਟੈਂਟ ਸ਼ਾਮਲ ਹਨ।
ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਇਸ ਸਕੀਮ ਤੋਂ ਬਣਾਈ ਦੂਰੀ, ਹੁਣ ਹੱਥ ਲੱਗੀ ਨਿਰਾਸ਼ਾ
NEXT STORY