ਚੰਡੀਗੜ੍ਹ,(ਅਸ਼ਵਨੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਦੇ ਦੋ ਦਿਨ ਬਾਅਦ ਪੰਜਾਬ ਦੀ ਸਮੁੱਚੀ ਕੈਬਨਿਟ ਨੇ ਇਨ੍ਹਾਂ ਨੇਤਾਵਾਂ ਦੀਆਂ ਪਾਰਟੀ ਅਤੇ ਸਰਕਾਰ ਵਿਰੋਧੀ ਗਤੀਵਿਧੀਆਂ ਨੂੰ ਘੋਰ ਅਨੁਸ਼ਾਸਨਹੀਣਤਾ ਦੱਸਦੇ ਹੋਏ ਪਾਰਟੀ ਵਿਚੋਂ ਬਾਹਰ ਦਾ ਰਾਹ ਵਿਖਾਉਣ ਦੀ ਮੰਗ ਕੀਤੀ ਹੈ।
ਨਕਲੀ ਸ਼ਰਾਬ ਦੇ ਦੁਖਾਂਤ 'ਤੇ ਸੂਬੇ ਵਿਚ ਆਪਣੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਣ ਲਈ ਬਾਜਵਾ ਅਤੇ ਦੂੱਲੋ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹੋਏ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਦੋਨਾਂ ਰਾਜ ਸਭਾ ਮੈਂਬਰਾਂ ਦੀਆਂ ਕਾਰਵਾਈਆਂ ਲਈ ਪਾਰਟੀ ਹਾਈ ਕਮਾਨ ਨੂੰ ਤੁਰੰਤ ਅਤੇ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ। ਮੰਤਰੀਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਬਿਨਾਂ ਕਿਸੇ ਢਿੱਲ ਅਤੇ ਦੇਰੀ ਕੀਤੇ ਦੋਨਾਂ ਮੰਤਰੀਆਂ 'ਤੇ ਤੁਰੰਤ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਕਾਰਵਾਈ ਦੀ ਮੰਗ ਕੀਤੀ। ਇਸ ਸੰਸਦ ਮੈਂਬਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਰਾਜ ਸਰਕਾਰ 'ਤੇ ਵਾਰ-ਵਾਰ ਹਮਲੇ ਕਰਨ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਦੋਂ ਰਾਜ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਦੋ ਸਾਲ ਤੋਂ ਵੀ ਘੱਟ ਰਹਿੰਦਾ ਹੋਵੇ ਤਾਂ ਅਜਿਹੇ ਸਮੇਂ ਅਨੁਸ਼ਾਸਨਹੀਣਤਾ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤੀ ਜਾ ਸਕਦੀ।
ਇਨ੍ਹਾਂ ਦੋਨਾਂ ਨੇਤਾਵਾਂ ਵਲੋਂ ਨਕਲੀ ਸ਼ਰਾਬ ਦੀ ਤਰਾਸਦੀ 'ਤੇ ਚਿੰਤਾਵਾਂ ਪ੍ਰਗਟ ਕਰਨ ਦੇ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਮੰਤਰੀਆਂ ਨੇ ਕਿਹਾ ਕਿ ਦੋਨਾਂ ਸੰਸਦ ਮੈਂਬਰਾਂ ਨੇ ਆਪਣੇ ਰਾਜ ਸਭਾ ਦੇ ਸਮੇਂ ਦੌਰਾਨ ਕਦੇ ਵੀ ਪੰਜਾਬ ਦੇ ਹਿੱਤਾਂ ਦਾ ਮਸਲਾ ਨਹੀਂ ਚੁੱਕਿਆ, ਜਦਕਿ ਉਹ ਨੁਮਾਇੰਦਗੀ ਰਾਜ ਦੀ ਕਰਦੇ ਹਨ। ਮੰਤਰੀਆਂ ਨੇ ਕਿਹਾ ਕਿ ਦੋਨਾਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਸੰਸਦ ਵਿਚ ਆਵਾਜ਼ ਕਿਉਂ ਨਹੀਂ ਚੁੱਕੀ? ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਵਿਚ ਸੀ. ਬੀ. ਆਈ. ਦੀ ਨਾਕਾਮੀ 'ਤੇ ਦੋਨਾਂ ਨੇ ਚੁੱਪੀ ਕਿਉਂ ਨਹੀਂ ਤੋੜੀ? ਕੈਬਨਿਟ ਮੰਤਰੀਆਂ ਨੇ ਕਿਹਾ ਕਿ ਨਕਲੀ ਸ਼ਰਾਬ ਦੀ ਘਟਨਾ ਨਾਲ ਨਿਪਟਨ ਵਿਚ ਸਰਕਾਰ ਵਿਰੁਧ ਰੋਸ ਪ੍ਰਗਟ ਕਰਨ ਲਈ ਪਾਰਟੀ ਅਤੇ ਸਰਕਾਰ ਦੇ ਮੰਚ ਨੂੰ ਦਰਕਿਨਾਰ ਕਰਨ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਅਤੇ ਈ. ਡੀ. ਤੋਂ ਜਾਂਚ ਕਰਵਾਉਣ ਲਈ ਰਾਜਪਾਲ ਤੱਕ ਪਹੁੰਚ ਕਰਕੇ ਦੋਨਾਂ ਸੰਸਦ ਮੈਂਬਰਾਂ ਨੇ ਨਾ ਸਿਫਰ ਲੋਕਤੰਤਰਿਕ ਸ਼ਾਸਨ ਦੀ ਬੁਨਿਆਦ ਨੂੰ ਸੱਟ ਪਹੁੰਚਾਈ ਹੈ, ਸਗੋਂ ਪੁਲਸ ਫੋਰਸ ਦੇ ਮਾਨ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਰਾਜ ਦੀ ਪੁਲਸ ਕੋਵਿਡ ਦੀ ਮਹਾਮਾਰੀ ਦੇ ਦਬਾਅ ਦੇ ਬਾਵਜੂਦ ਸ਼ਰਾਬ ਮਾਫੀਏ 'ਤੇ ਸਿਕੰਜਾ ਕੱਸ ਰਹੀ ਹੈ।
ਮੰਤਰੀਆਂ ਨੇ ਕਿਹਾ ਕਿ ਇਹ ਲੋਕੰਤਰਿਕ ਪ੍ਰਣਾਲੀ ਅਤੇ ਸੰਸਥਾਵਾਂ ਦੇ ਕੰਮ ਕਰਨ ਦਾ ਢੰਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਦੀ ਜਰੂਰਤ ਉਦੋਂ ਪੈਂਦੀ ਹੈ ਜੇਕਰ ਪੁਲਸ ਨਤੀਜੇ ਦੇਣ ਵਿਚ ਨਾਕਾਮ ਰਹਿ ਜਾਵੇ ਜਦੋਂਕਿ ਇਸ ਸਮੇਂ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਵਿਚ ਸੀ. ਬੀ. ਆਈ. ਦੀ ਯੋਗਤਾ ਦੀ ਕਮੀ ਸਮੁੱਚੇ ਪੰਜਾਬ ਨੇ ਵੇਖੀ ਹੈ ਅਤੇ ਹੁਣ ਅਖੀਰ ਵਿਚ ਇਹ ਮਾਮਲਾ ਰਾਜ ਦੀ ਪੁਲਸ ਹੱਲ ਕਰਨ ਵਿਚ ਲੱਗੀ ਹੋਈ ਹੈ। ਮੰਤਰੀਆਂ ਨੇ ਕਿਹਾ ਕਿ ਇੱਥੋਂ ਤੱਕ ਕਿ ਯੋਜਨਾਵਧ ਕੀਤੇ ਕਤਲ ਨੂੰ ਵੀ ਸੀ. ਬੀ. ਆਈ. ਨੇ ਨਹੀਂ ਸਗੋਂ ਰਾਜ ਦੀ ਪੁਲਸ ਨੇ ਸੁਲਝਾਇਆ ਹੈ। ਉਨ੍ਹਾਂ ਨੇ ਨਕਲੀ ਸ਼ਰਾਬ ਕੇਸ ਵਿਚ ਹਰ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਪੰਜਾਬ ਪੁਲਸ ਦੀ ਯੋਗਤਾ ਵਿਚ ਭਰੋਸਾ ਪ੍ਰਗਟ ਕੀਤਾ।
ਮੰਤਰੀਆਂ ਨੇ ਕਿਹਾ ਕਿ ਹੋਰ ਤਾਂ ਹੋਰ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਕਰਨ ਜਾਂ ਨਾ ਕਰਨ ਦਾ ਫੈਸਲਾ ਵੀ ਰਾਜ ਸਰਕਾਰ ਨੇ ਲੈਣਾ ਨਾ ਕਿ ਇਨ੍ਹਾਂ ਦੋਨਾਂ ਸੰਸਦ ਮੈਂਬਰਾਂ ਨੇ, ਜੋ ਸਾਂਸਦ ਵਿਚ ਪੰਜਾਬ ਦੇ ਹਿੱਤਾਂ ਲਈ ਆਵਾਜ਼ ਚੁੱਕਣ ਦੇ ਵੀ ਯੋਗ ਨਹੀਂ ਹਨ। ਸੰਸਦ ਮੈਂਬਰ ਦੇ ਤੌਰ 'ਤੇ ਆਪਣੇ ਫਰਜ਼ ਨਿਭਾਉਣ ਦੀ ਥਾਂ ਬਾਜਵਾ ਅਤੇ ਦੂੱਲੋ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੀ ਤਾਕ ਵਿਚ ਹਨ ਜੋ ਜਾਂ ਤਾਂ ਸੱਤਾ ਦੀ ਲਾਲਸਾ ਦੀ ਭੁੱਖ ਮਿਟਾਉਣ ਲਈ ਅਜਿਹਾ ਕਰਦੇ ਹਨ ਜਾਂ ਫਿਰ ਉਨ੍ਹਾਂ ਲੋਕਾਂ ਦੀ ਸ਼ਹਿ ਨਾਲ ਅਜਿਹਾ ਕਰ ਰਹੇ ਹਨ, ਜੋ ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦੋਨਾਂ ਨੇਤਾਵਾਂ ਨੇ ਖੁਦ ਨੂੰ ਨਿਕੰਮਾ ਬਣਾ ਲਿਆ ਹੈ ਅਤੇ ਇਨ੍ਹਾਂ ਦੀ ਪਾਰਟੀ ਵਿਚ ਕੋਈ ਅਹਿਮੀਅਤ ਨਹੀਂ ਹੈ ਅਤੇ ਇਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੀ ਮੰਦਭਾਗੀ ਅਤੇ ਅਸਵੀਕਾਰਯੋਗ ਗੱਲ ਹੈ ਕਿ ਆਪਣੇ ਵਿਵਹਾਰ ਪ੍ਰਤੀ ਦੂਰ-ਦੂਰ ਤੱਕ ਵੀ ਇਹ ਦੋਵੇਂ ਨੇਤਾ ਸ਼ਰਮਿੰਦਾ ਨਹੀਂ ਹਨ ਅਤੇ ਇਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ ਨਿੱਜੀ ਸ਼ਬਦਾਵਲੀ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਕਿਵੇਂ ਆਪਣੀ ਹੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਖਿਲਾਫ ਅਜਿਹੀ ਭੱਦੀ ਸ਼ਬਦਾਵਲੀ ਇਸਤੇਮਾਲ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤ ਲੀਡਰਸ਼ਿਪ ਮੌਜ਼ੂਦ ਹੈ ਅਤੇ ਰਾਜ ਵਿਚ ਪਾਰਟੀ ਦੇ ਮਾਨ ਨੂੰ ਸੱਟ ਪਹੁੰਚਾਉਣ ਵਾਲੇ ਅਜਿਹੇ ਦੋ ਅਨੁਸ਼ਾਸਨਹੀਣ ਮੈਂਬਰਾਂ ਦੀ ਕੋਈ ਵੀ ਜ਼ਰੂਰਤ ਨਹੀਂ ਹੈ।
ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 2 ਹੋਰ ਮੌਤਾਂ, 135 ਨਵੇਂ ਕੇਸ ਆਏ ਪਾਜ਼ੇਟਿਵ
NEXT STORY