ਭੋਗਪੁਰ/ਬਟਾਲਾ/ਕਲਾਨੌਰ (ਸੂਰੀ, ਬੇਰੀ, ਮਨਮੋਹਨ) : ਬੇਰੋਜ਼ਗਾਰ ਨੌਜਵਾਨਾਂ ਨੂੰ ਡਾਲਰਾਂ ਦੀ ਚਮਕ ਦਿਖਾ ਕੇ ਟ੍ਰੈਵਲ ਏਜੰਟ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਦੀ ਉਦਹਾਰਣ ਬਣੇ ਹਨ ਪੰਜਾਬ ਦੇ 47 ਨੌਜਵਾਨ, ਜੋ ਇਨ੍ਹੀਂ ਦਿਨੀਂ ਕੰਬੋਡੀਆ ਦੇ ਹੋਟਲਾਂ 'ਚ ਬੰਧੂਆ ਮਜ਼ਦੂਰ ਬਣ ਕੇ ਰਹਿ ਗਏ ਹਨ। ਹੋਟਲ ਮਾਲਕ ਕੰਮ ਦੇ ਬਦਲੇ ਸਿਰਫ ਰੋਟੀ ਹੀ ਦਿੰਦੇ ਹਨ ਅਤੇ ਕਈ ਮਹੀਨਿਆਂ ਤੋਂ ਕੋਈ ਸੈਲਰੀ ਨਹੀਂ ਦੇ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 'ਜਗ ਬਾਣੀ' ਇਨ੍ਹਾਂ ਨੌਜਵਾਨਾਂ ਦੇ ਘਰ ਪੁੱਜੀ। ਕੰਬੋਡੀਆ 'ਚ ਫਸੇ ਇਨ੍ਹਾਂ ਨੌਜਵਾਨਾਂ 'ਚ 3 ਅੰਮ੍ਰਿਤਸਰ ਦੇ, 1 ਬਟਾਲਾ ਦੇ ਪਿੰਡ ਵਸੀਕਾ ਟਿੱਲਾ ਦਾ ਨੌਜਵਾਨ ਅਤੇ ਇਕ ਨੌਜਵਾਨ ਜ਼ਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਸੱਗਰਾਂਵਾਲੀ ਦਾ ਰਹਿਣ ਵਾਲਾ ਹੈ। ਕੁਝ ਨੌਜਵਾਨ ਫਗਵਾੜਾ ਦੇ ਵੀ ਦੱਸੇ ਜਾ ਰਹੇ ਹਨ। ਸਾਡੇ ਪ੍ਰਤੀਨਿਧੀ ਨੇ ਜਦ ਕੰਬੋਡੀਆ 'ਚ ਇਕ ਨੌਜਵਾਨ ਸਾਜਨਪ੍ਰੀਤ ਨਾਲ ਗੱਲ ਕੀਤੀ ਤਾਂ ਉਸ ਨੇ ਫੋਨ 'ਤੇ ਦੱਸਿਆ ਕਿ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਦੂਜੇ ਪਾਸੇ ਵਿਦੇਸ਼ 'ਚ ਫਸੇ ਨੌਜਵਾਨਾਂ ਦੇ ਮਾਪਿਆਂ ਨੇ ਜਦ ਏਜੰਟਾਂ ਤੋਂ ਆਪਣੇ ਲਾਲ ਵਾਪਸ ਲਿਆਉਣ ਦੀ ਗੁਹਾਰ ਲਾਈ ਤਾਂ ਏਜੰਟ ਵਾਪਸ ਲਿਆਉਣ ਲਈ ਪੈਸੇ ਮੰਗ ਰਹੇ ਹਨ।
ਟੀਚਰ ਦੀ ਨੌਕਰੀ ਨਹੀਂ ਮਿਲੀ ਤਾਂ ਵਿਦੇਸ਼ ਜਾਣ ਦਾ ਕੀਤਾ ਫੈਸਲਾ
ਪਿੰਡ ਸੱਗਰਾਂਵਾਲੀ ਦਾ ਮਨਜਿੰਦਰਪਾਲ ਸਿੰਘ ਈ. ਟੀ. ਟੀ. ਪਾਸ ਹੈ। ਟੀਚਰ ਬਣਨਾ ਚਾਹੁੰਦਾ ਸੀ ਪਰ ਨੌਕਰੀ ਨਾ ਮਿਲਣ 'ਤੇ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਮਨਜਿੰਦਰਪਾਲ ਦੀ ਮਾਤਾ ਕਸ਼ਮੀਰ ਕੌਰ ਪਿੰਡ 'ਚ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ ਅਤੇ ਪਿਤਾ ਸਖਦੇਵ ਸਿੰਘ ਜਲੰਧਰ 'ਚ ਪ੍ਰਾਈਵੇਟ ਨੌਕਰੀ ਕਰਦੇ ਹਨ। ਕਸ਼ਮੀਰ ਕੌਰ ਦੇ ਇਕ ਰਿਸ਼ਤੇਦਾਰ ਨੇ ਜਲੰਧਰ ਇਕ ਆਦਮੀ ਨਾਲ ਮਿਲਵਾਇਆ। ਉਕਤ ਆਦਮੀ ਨੇ ਖੁਦ ਨੂੰ ਕੰਬੋਡੀਆ 'ਚ ਇਕ ਹੋਟਲ ਦਾ ਮਾਲਕ ਦੱਸਿਆ। ਉਸ ਨੇ ਦੱਸਿਆ ਕਿ ਕੰਬੋਡੀਆ ਅਮਰੀਕਾ ਨੇੜੇ ਇਕ ਯੂਰਪੀਅਨ ਦੇਸ਼ ਹੈ। 3.50 ਲੱਖ 'ਚ ਵਰਕ ਪਰਮਿਟ ਮਿਲੇਗਾ ਅਤੇ 650 ਅਮਰੀਕੀ ਡਾਲਰ ਸੈਲਰੀ ਮਿਲੇਗੀ। ਉਕਤ ਵਿਅਕਤੀ 3.50 ਲੱਖ ਰੁਪਏ ਲੈ ਕੇ ਮਨਜਿੰਦਰਪਾਲ ਨੂੰ ਅਕਤੂਬਰ 2018 'ਚ ਟੂਰਿਸਟ ਵੀਜ਼ੇ 'ਤੇ ਕੰਬੋਡੀਆ ਲੈ ਗਿਆ। 2 ਮਹੀਨੇ ਤਕ ਹੋਟਲ ਮਾਲਕ ਨੇ 450 ਡਾਲਰ ਦੇ ਹਿਸਾਬ ਨਾਲ ਸੈਲਰੀ ਦਿੱਤੀ। ਤੀਜੇ ਮਹੀਨੇ 250 ਡਾਲਰ ਸੈਲਰੀ ਦਿੱਤੀ। ਇਸ ਤੋਂ ਬਾਅਦ ਉਹ ਵੀ ਬੰਦ ਹੋ ਗਈ। ਜ਼ੋਰ ਦੇਣ 'ਤੇ ਹੋਟਲ ਮਾਲਕ ਨੇ ਇਕ ਨੌਜਵਾਨ ਜੋ ਕਿ ਮੁਕੇਰੀਆਂ ਪੰਜਾਬ ਦਾ ਵਾਸੀ ਸੀ, ਉਸ ਦੇ ਕੋਲ 450 ਡਾਲਰ ਦਾ ਚੈੱਕ ਭੇਜ ਦਿੱਤਾ, ਜੋ ਕਿ ਬਾਊਂਸ ਹੋ ਗਿਆ। ਮਨਜਿੰਦਰਪਾਲ ਸਿੰਘ ਦੇ ਪਰਿਵਾਰ ਨੇ ਸਰਕਾਰ ਕੋਲ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਉਣ ਦੀ ਗੁਹਾਰ ਲਾਈ ਹੈ।
ਨਾ ਪੈਸੇ ਕੋਲ, ਨਾ ਘਰ ਆਉਣ ਲਈ ਟਿਕਟ, ਨਾ ਹੀ ਕਿਤੇ ਕੋਈ ਸੁਣਵਾਈ
ਬਟਾਲਾ ਨੇੜਲੇ ਪਿੰਡ ਵਸੀਕਾ ਟਿੱਲਾ ਦਾ 20 ਸਾਲਾ ਨੌਜਵਾਨ ਸਾਜਨਪ੍ਰੀਤ ਸਿੰਘ ਪੈਸੇ ਕਮਾਉਣ ਲਈ ਕੰਬੋਡੀਆ ਗਿਆ ਸੀ, ਜਿੱਥੇ ਨਾ ਤਾਂ ਉਸ ਨੂੰ ਪੈਸੇ ਮਿਲੇ ਅਤੇ ਨਾ ਹੀ ਉਹ ਪਿੰਡ ਵਾਪਸ ਆ ਸਕਿਆ। ਸਾਜਨਪ੍ਰੀਤ ਦੀ ਮਾਤਾ ਮਨਜੀਤ ਕੌਰ ਨੇ ਆਪਣੇ ਵੱਡੇ ਬੇਟੇ ਸੁਖਵੰਤ ਸਿੰਘ ਤੇ ਨੂੰਹ ਨਾਲ ਦੱਸਿਆ ਕਿ ਉਸ ਦਾ ਬੇਟਾ ਸਾਜਨਪ੍ਰੀਤ ਸਿੰਘ ਫਰਵਰੀ 2019 'ਚ ਗਿੱਲਾਂਵਾਲੀ ਅਤੇ ਜਲੰਧਰ ਦੇ ਇਕ ਏਜੰਟ ਜ਼ਰੀਏ ਕੰਬੋਡੀਆ ਗਿਆ ਸੀ, ਜਿੱਥੇ ਉਸ ਨੂੰ 500 ਡਾਲਰ ਪ੍ਰਤੀ ਮਹੀਨਾ 'ਤੇ ਇਕ ਹੋਟਲ 'ਚ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਕੰਮ ਲਈ ਸਾਜਨਪ੍ਰੀਤ ਨੇ ਏਜੰਟ ਨੂੰ 2.50 ਲੱਖ ਰੁਪਏ ਦਿੱਤੇ। ਮਨਜੀਤ ਕੌਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੰਬੋਡੀਆ ਤਾਂ ਪੁੱਜ ਗਿਆ ਪਰ ਹੋਟਲ ਮਾਲਕ ਉਸ ਨੂੰ ਸਿਰਫ ਖਾਣਾ ਹੀ ਦੇ ਰਿਹਾ ਹੈ, ਜਦਕਿ ਪਿਛਲੇ 3 ਮਹੀਨਿਆਂ ਤੋਂ ਉਸ ਨੂੰ ਸੈਲਰੀ ਨਹੀਂ ਮਿਲੀ, ਜਿਸ ਕਾਰਣ ਉਹ ਪ੍ਰੇਸ਼ਾਨ ਹੋ ਰਹੇ ਹਨ। ਉਸ ਕੋਲ ਵਾਪਸ ਆਉਣ ਲਈ ਨਾ ਪੈਸਾ ਹੈ ਅਤੇ ਨਾ ਹੀ ਟਿਕਟ। ਇਸ ਸਬੰਧੀ ਜਦ ਸਾਜਨਪ੍ਰੀਤ ਨਾਲ ਕੰਬੋਡੀਆ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦੇ ਸਮੇਤ 4 ਹੋਰ ਲੜਕਿਆਂ ਨੇ ਅੰਬੈਸੀ 'ਚ ਉਕਤ ਹੋਟਲ ਮਾਲਕ ਖਿਲਾਫ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਉਸ ਨਾਲ 4 ਹੋਰ ਲੜਕੇ ਅਮਰਜੀਤ ਸਿੰਘ, ਅਜਮੇਰ ਸਿੰਘ, ਰਣਜੀਤ ਸਿੰਘ ਅਤੇ ਰਾਜਜੋਤ ਸਿੰਘ ਵੀ ਉੱਥੇ ਫਸੇ ਹੋਏ ਹਨ। ਸਾਜਨਪ੍ਰੀਤ ਨੇ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਜਲਦੀ ਉੱਥੋਂ ਕੱਢੇ।
'ਆਪ' ਵਿਧਾਇਕਾਂ ਨੇ ਵਿਦੇਸ਼ ਮੰਤਰਾਲਾ ਨਾਲ ਕੀਤਾ ਸੰਪਰਕ
'ਆਪ' ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰ ਕੇ ਕੰਬੋਡੀਆ 'ਚ ਫਸੇ 47 ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਨੌਜਵਾਨਾਂ ਨੂੰ ਟੂਰਿਸਟ ਵੀਜ਼ੇ 'ਤੇ ਕੰਬੋਡੀਆ ਭੇਜਿਆ ਗਿਆ ਸੀ। ਇਨ੍ਹਾਂ ਨੌਜਵਾਨਾਂ ਦੇ ਵੀਜ਼ੇ ਖਤਮ ਹੋ ਚੁੱਕੇ ਹਨ ਅਤੇ ਉਹ ਬਿਨਾਂ ਵੀਜ਼ੇ ਦੇ ਕੈਦੀਆਂ ਵਰਗਾ ਜੀਵਨ ਗੁਜ਼ਾਰ ਰਹੇ ਹਨ।
ਇਸ ਗੈਂਗਸਟਰ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ
NEXT STORY