ਰੋਪੜ/ਬਲਾਚੌਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਨੂੰ ਗੁਰਬਾਣੀ ਉੱਚੀ ਆਵਾਜ਼ ’ਚ ਲਗਾਉਣ ਦੇ ਹੁਕਮ ਦੇ ਕੇ ਦਬਾ ਨਹੀਂ ਸਕਦੇ ਤੇ ਇਹ ਆਪਣੇ ਆਪ ਵਿਚ ਬੇਅਦਬੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰੋਪੜ ਤੋਂ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਤੇ ਬਲਾਚੌਰ ਤੋਂ ਉਮੀਦਵਾਰ ਸੁਨੀਤਾ ਰਾਣੀ ਦੇ ਹੱਕ ’ਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਮੁੱਖ ਮੰਤਰੀ ਜੋ ਆਖ ਰਿਹਾ ਹੈ ਕਿ ਉਹ ਹਰ ਇਕ ਦੀ ਗੱਲ ਸੁਣਦਾ ਹੈ, ਉਹ ਹੁਣ ਨਾ ਸਿਰਫ ਲੋਕਾਂ ਤੋਂ ਭੱਜ ਰਿਹਾ ਹੈ ਬਲਕਿ ਸਿਵਲ ਤੇ ਪੁਲਸ ਮਸ਼ੀਨਰੀ ਦੀ ਦੁਰਵਰਤੋਂ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ ਥਾਵਾਂ ’ਤੇ ਉਹ ਜਾਂਦੇ ਹਨ, ਉਥੇ ਚੰਨੀ ਵਿਰੋਧੀ ਨਾਅਰਿਆਂ ਦੀ ਆਵਾਜ਼ ਮੱਠੀ ਕਰਨ ਲਈ ਗੁਰਬਾਣੀ ਉੱਚੀ ਆਵਾਜ਼ ਵਿਚ ਲਾਉਣ ਦੇ ਹੁਕਮ ਦੇ ਕੇ ਬੇਅਦਬੀ ਕੀਤੀ ਹੈ।
ਇਹ ਵੀ ਪੜ੍ਹੋ : ਕਾਬੁਲ ਤੋਂ ਨਵੀਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਪਵਿੱਤਰ ਧਾਰਮਿਕ ਗ੍ਰੰਥ, ਹਰਦੀਪ ਪੁਰੀ ਨੇ ਸ਼ੇਅਰ ਕੀਤੀਆਂ ਤਸਵੀਰਾਂ
ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤੇ ਜਾਣ ਨੂੰ ਮੁਆਫ ਨਹੀਂ ਕਰਨਗੇ। ਬਾਦਲ ਨੇ ਮੁੱਖ ਮੰਤਰੀ ਵੱਲੋਂ ਐੱਸ. ਐੱਸ. ਪੀ., ਐੱਸ. ਪੀ. ਤੇ ਡੀ. ਐੱਸ. ਪੀ. ਤਾਇਨਾਤ ਕਰਨ ਲਈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਿਸ਼ਵਤ ਲੈਣ ਦੇ ਲਾਏ ਗਏ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਤੋਂ ਇਨਕਾਰ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੈਬਨਿਟ ਮੀਟਿੰਗ ’ਚ ਇਹ ਦੋਸ਼ ਲਗਾਉਣ ਦੇ ਬਾਵਜੂਦ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਂਚ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਕੇਸ ’ਚ ਧਿਰ ਬਣ ਗਿਆ ਤੇ ਇਸ ਮਾਮਲੇ ਨੁੰ ਰਫਾ-ਦਫਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਵਿਚ ਸ਼ਾਮਲ ਗ੍ਰਹਿ ਮੰਤਰੀ ਸਮੇਤ ਸਾਰੇ ਲੋਕਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਇਸ ਦੌਰਾਨ ਰੋਪੜ ’ਚ ਡਾ. ਦਲਜੀਤ ਸਿੰ ਚੀਮਾ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਮੁਲਾਜ਼ਮਾਂ ਨੂੰ ਆਖਿਆ ਕਿ ਉਹ ਕਾਂਗਰਸ ਸਰਕਾਰ ਤੋਂ ਨਿਆਂ ਦੀ ਕੋਈ ਆਸ ਨਾ ਰੱਖਣ। ਉਨ੍ਹਾਂ ਕਿਹਾ ਕਿ ਉਹ ਕੁਝ ਮਹੀਨੇ ਉਡੀਕ ਕਰਨ। ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬਣਦਿਆਂ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਬਾਦਲ ਨੇ ਇਹ ਵੀ ਦੱਸਿਆ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਕਿਵੇਂ ਸਾਰੀਆਂ ਸਮਾਜ ਭਲਾਈ ਸਕੀਮ ਬੰਦਾਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਸਿਰਫ ਸੇਵਾ ਕੇਂਦਰ ਬੰਦ ਕੀਤੇ ਬਲਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵੀ ਬੰਦ ਕਰ ਦਿੱਤੀ ਤੇ ਪਿੰਡਾਂ ’ਚ ਨੌਜਵਾਨਾਂ ਲਈ ਜਿਮ ਤੇ ਕਿੱਟਾਂ ਵੰਡਣੀਆਂ ਵੀ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ ਗਏ, ਜਦਕਿ ਸ਼ਗਨ ਤੇ ਬੁਢਾਪਾ ਪੈਨਸ਼ਨ ਸਮੇਤ ਸਮਾਜ ਭਲਾਈ ਸਕੀਮਾਂ ਦੇ ਲਾਭ ਲੋਕਾਂ ਨੂੰ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ । ਡਾ. ਚੀਮਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਤੇ ‘ਆਪ’ ਦੇ ਵਿਧਾਇਕਾਂ ਨੇ ਰੋਪੜ ਦੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਲਈ ਅਕਾਲੀ ਸਰਕਾਰ ਵੇਲੇ ਮਿਲੀਆਂ ਗ੍ਰਾਂਟਾਂ ਕਾਂਗਰਸ ਸਰਕਾਰ ਬਣਦਿਆਂ ਹੀ ਵਾਪਸ ਮੰਗਵਾ ਲਈਆਂ ਗਈਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦੇ ਨਾਲ ਪੁਲਾਂ ਦਾ ਨਿਰਮਾਣ ਅਤੇ ਬਦਰ ਤੋਂ ਬੱਦੀ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇ। ਬਾਦਲ ਨੇ ਇਸ ਮੌਕੇ ਚੌਧਰੀ ਨੰਦ ਲਾਲ ਨੂੰ ਵੀ ਚੇਤੇ ਕੀਤਾ ਤੇ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਨੂੰਹ ਸੁਨੀਤਾ ਰਾਣੀ ਨੂੰ ਵੋਟ ਦੇਣ, ਜੋ ਬਲਾਚੌਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਨ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਬੁੱਧ ਸਿੰਘ ਬਲਾਕੀਪੁਰ, ਜਰਨੈਲ ਸਿੰਘ ਵਾਹਿਦ, ਨਛੱਤਰਪਾਲ ਸਿੰਘ, ਹਰਮੋਹਨ ਸਿੰਘ ਸੰਧੂ ਅਮਰਜੀਤ ਸਿੰਘ ਚਾਵਲਾ ਤੇ ਅਜਮੇਰ ਸਿੰਘ ਖੇੜਾ ਵੀ ਸ਼ਾਮਲ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ
NEXT STORY