ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ 13 ਮਹੀਨੇ ਪਹਿਲਾਂ ਹੋਈ ਠੱਗੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 3 ਵਿਅਕਤੀਆਂ ਖ਼ਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ। ਉਕਤ ਮਾਮਲੇ ਬਾਰੇ ਅੱਜ ਏ. ਸੀ. ਪੀ. ਨਾਰਥ ਮਨਿੰਦਰ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨ ਨਗਰ ਦੀ ਰਹਿਣ ਵਾਲੀ ਪੀੜਤ ਲੜਕੀ ਹਿੰਦੂ ਬਾਲਾ ਪੁੱਤਰੀ ਜੋਗਿੰਦਰਪਾਲ ਨੇ ਪੁਲਸ ਨੂੰ 14 ਜੁਲਾਈ 2023 ਨੂੰ ਸ਼ਿਕਾਇਤ ਦਿੱਤੀ ਸੀ ਕਿ 27 ਜੁਲਾਈ 2022 ਨੂੰ ਉਸ ਦੇ ਪਿਤਾ ਦੇ ਮੋਬਾਇਲ ਨੰਬਰ ’ਤੇ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਉਸ ਦੇ ਪਿਤਾ ਦਾ ਕੈਨੇਡਾ ’ਚ ਰਹਿਣ ਵਾਲਾ ਭਤੀਜਾ ਬੋਲ ਰਿਹਾ ਹੈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਪੀੜਤ ਪਰਿਵਾਰ ਨੂੰ ਆਪਣੀਆਂ ਗੱਲਾਂ ’ਚ ਲੈ ਕੇ ਆਪਣੇ 2 ਬੈਂਕ ਖਾਤਿਆਂ ’ਚ ਢਾਈ ਲੱਖ ਦੀ ਰਕਮ ਪਵਾ ਲਈ।
ਏ. ਸੀ. ਪੀ. ਬੇਦੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਤੋਂ ਬਾਅਦ ਅੰਗੂਰੀ ਦੇਵੀ ਪਤਨੀ ਬ੍ਰਿਜ ਲਾਲ ਸਾਹਨੀ ਵਾਸੀ ਪਿੰਡ ਮਜਹਾਰੀਆ ਸ਼ੇਖ, ਬਿਹਾਰ, ਪੰਕਜ ਖੁਸ਼ਵਾਹਾ ਪੁੱਤਰ ਰਾਮ ਨਰੇਸ਼ ਵਾਸੀ ਬਖੇੜਾ ਪਠਾਨੀ, ਭੋਪਾਲ ਅਤੇ ਅਨਮੋਲ ਕੁਮਾਰ ਮਿਸ਼ਰਾ ਪੁੱਤਰ ਚੰਦਾ, ਭਾਸ਼ਨ ਮਿਸ਼ਰਾ ਵਾਸੀ ਰਾਮ ਨਗਰ, ਭੋਪਾਲ ਖਿਲਾਫ ਆਈ. ਟੀ. ਐਕਟ ਅਤੇ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ’ਚ ਸ਼ਾਮਲ ਕਿਸੇ ਵੀ ਮੁਲਜ਼ਮ ਦੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਬਣਾ ਕੇ ਭੇਜੀਆਂ ਜਾਣਗੀਆਂ।
ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ
NEXT STORY