ਮਲੋਟ (ਸ਼ਾਮ ਜੁਨੇਜਾ) : ਨਹਿਰੀ ਵਿਭਾਗ ਵੱਲੋਂ ਹਰ ਸਾਲ ਨਹਿਰਾਂ ਦੀ ਸਫ਼ਾਈ ਲਈ ਪਾਣੀ ਦੀ ਬੰਦੀ ਕੀਤੀ ਜਾਂਦੀ ਹੈ ਪਰ ਇਸ ਵਾਰ ਜਿਹੜੀਆਂ ਤਰੀਕਾਂ ਨੂੰ ਬੰਦੀ ਦਾ ਐਲਾਨ ਕੀਤਾ ਜਾ ਰਿਹਾ ਹੈ, ਉਹ ਝੋਨਾ ਉਤਪਾਦਕ ਕਿਸਾਨਾਂ ਨੂੰ ਵਾਰਾ ਨਹੀਂ ਖਾਂਦੀਆਂ, ਜਿਸ ਕਰ ਕੇ ਵੱਖ-ਵੱਖ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਇਸ ਪ੍ਰੋਗਰਾਮ ਨੂੰ ਬਦਲਿਆ ਜਾਵੇ। ਇਸ ਸਬੰਧੀ ਪਿੰਡ ਕਬਰਵਾਲਾ ਦੇ ਸਾਬਕਾ ਸਰਪੰਚ ਸਵਰਨ ਸਿੰਘ ਬੱਲ ਨੇ ਦੱਸਿਆ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਝੋਨਾ ਲਾਉਣ ਲਈ ਜੋ ਸ਼ਡਿਊਲ ਦਿੱਤਾ ਸੀ, ਉਸ ਹਿਸਾਬ ਨਾਲ 1 ਮਈ ਨੂੰ ਪਨੀਰੀ ਬੀਜੀ ਗਈ ਸੀ ਅਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ, ਜਿਸ ਲਈ ਪਹਿਲਾਂ ਕੱਦੂ ਕਰਨ ਦਾ ਕੰਮ ਸ਼ੁਰੂ ਹੋਣਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਧਰਤੀ ਹੇਠਲਾ ਪਾਣੀ ਡੇਢ ਨੰਬਰ ਦਾ ਹੈ। ਇਸ ਲਈ ਕਿਸਾਨਾਂ ਨੂੰ ਝੋਨੇ ਦੀ ਲਵਾਈ ਮੌਕੇ ਜ਼ਮੀਨ ਤਿਆਰ ਕਰਨ ਲਈ ਨਹਿਰੀ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਕ ਪਾਸੇ ਸਰਕਾਰ ਨੇ ਝੋਨੇ ਦਾ ਸ਼ਡਿਊਲ ਜੂਨ ਦੇ ਪਹਿਲੇ ਹਫ਼ਤੇ ਦਾ ਦਿੱਤਾ ਹੈ। ਦੂਜੇ ਪਾਸੇ ਨਹਿਰੀ ਵਿਭਾਗ ਵੱਲੋਂ 16 ਮਈ ਤੋਂ 1 ਜੂਨ ਤੱਕ ਨਹਿਰੀ ਪਾਣੀ ਦੀ ਬੰਦੀ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਨਰਮਾਂ ਉਤਪਾਦਕਾਂ ਵੱਲੋਂ ਬੰਦੀ ਦੀ ਤਰੀਕ ਬਦਲਣ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੁਣ 25 ਮਈ ਤੋਂ ਲੈ ਕੇ 10-15 ਜੂਨ ਤੱਕ ਪਾਣੀ ਬੰਦ ਕਰਨਾ ਹੈ, ਜਿਸ ਦੀ ਪੁਸ਼ਟੀ ਨਹਿਰੀ ਵਿਭਾਗ ਦੇ ਕਰਮਚਾਰੀ ਵੀ ਕਰ ਰਹੇ ਹਨ, ਜਿਸ ਕਰਕੇ ਇਨ੍ਹਾਂ ਤਰੀਕਾਂ ਨੂੰ ਮਲੂਕਾ ਨਹਿਰ ਸਮੇਤ ਛੋਟੇ ਮਾਈਨਰਾਂ ਵਿਚ ਪਾਣੀ ਬੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਬਿਜਾਈ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਕਰਕੇ ਜੂਨ ਦੇ ਪਹਿਲੇ ਹਫਤੇ ਤੋਂ ਕਿਸਨਾਂ ਨੂੰ ਨਹਿਰੀ ਪਾਣੀ ਦੀ ਬੇਹੱਦ ਜ਼ਰੂਰਤ ਸ਼ੁਰੂ ਹੋ ਜਾਣੀ ਹੈ । ਜੇਕਰ ਇਨ੍ਹਾਂ ਤਰੀਕਾਂ ਨੂੰ ਝੋਨੇ ਦੀ ਬਿਜਾਈ ਨਾ ਕਰ ਸਕੇ ਤਾਂ ਉਨ੍ਹਾਂ ਵੱਲੋਂ ਤਿਆਰ ਕੀਤੀ ਝੋਨੇ ਦੀ ਪਨੀਰੀ ਸੁੱਕ ਕੇ ਖਰਾਬ ਹੋ ਸਕਦੀ ਹੈ।
ਇਸ ਲਈ ਜਾਂ ਤਾਂ ਨਹਿਰੀ ਪਾਣੀ ਦੀ ਬੰਦੀ 20 ਮਈ ਤੋਂ 1-2ਜੂਨ ਤੱਕ ਬੰਦੀ ਕਰ ਲਈ ਜਾਵੇ। ਸਰਕਾਰ ਨੇ ਕਿਸਾਨਾਂ ਤੋਂ 1 ਜੂਨ ਦੇ ਹਿਸਾਬ ਨਾਲ ਪਨੀਰੀ ਦੀ ਬਿਜਾਈ ਕਰਾਈ ਸੀ, ਜਿਸ ਕਰਕੇ ਇਨ੍ਹਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 25 ਮਈ ਤੋਂ ਨਹਿਰੀ ਪਾਣੀ ਦੀ ਬੰਦੀ ਦੀ ਖਬਰ ਨਾਲ ਕਿਸਾਨਾਂ ਵਿਚ ਚਿੰਤਾਂ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਸਵਰਨ ਸਿੰਘ ਬੱਲ, ਮੁਖਤਿਆਰ ਸਿੰਘ ਛੀਨਾ, ਬਲਜੀਤ ਸਿੰਘ ਬੱਲ, ਜਰਨੈਲ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ ਅਤੇ ਨਿਰਮਲਜੀਤ ਸਿੰਘ ਸਮੇਤ ਕਿਸਾਨਾਂ ਨੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਨਹਿਰੀ ਬੰਦੀ ਦਾ ਕੰਮ 1 ਜੂਨ ਤੱਕ ਖਤਮ ਕਰ ਲਿਆ ਜਾਵੇ ਅਤੇ ਜਾਂ ਫਿਰ ਡੇਢ ਮਹੀਨਾ ਲੇਟ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਕਿਸਾਨਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Punjab: ਨਸ਼ਾ ਸਮੱਗਲਰ ਨੂੰ ਫੜਨ ਗਈ ਪੁਲਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਚੱਲ ਗਈਆਂ ਗੋਲ਼ੀਆਂ
NEXT STORY