ਗੁਰਦਾਸਪੁਰ, (ਹਰਮਨਪ੍ਰੀਤ/ਦੀਪਕ)- ਗੰਨਾ ਉਤਪਾਦਕ ਕਿਸਾਨ ਸੰਘਰਸ਼ ਕਮੇਟੀ ਜ਼ਿਲਾ ਗੁਰਦਾਸਪੁਰ ਵੱਲੋਂ ਗੰਨਾ ਉਤਪਾਦਕਾਂ ਦੇ ਮਸਲੇ ਹੱਲ ਨਾ ਹੋਣ ਕਾਰਨ 21 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਗੰਨਾ ਕਾਸ਼ਤਕਾਰ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂਆਂ ਸਤਬੀਰ ਸਿੰਘ ਸੁਲਤਾਨੀ, ਮਾਸਟਰ ਰਘਬੀਰ ਸਿੰਘ ਪਕੀਵਾਂ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਕੱਤੋਵਾਲ, ਬਲਜੀਤ ਸਿੰਘ ਬਾਜਵਾ, ਲਖਵਿੰਦਰ ਸਿੰਘ ਮਰਡ਼, ਸੁੂਬੇਗ ਸਿੰਘ ਅਤੇ ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਖੰਡ ਮਿੱਲ ਪਨਿਆਡ਼, ਕੀਡ਼ੀ ਅਫਗਾਨਾ ਅਤੇ ਬਟਾਲਾ ਦੇ ਅਧਿਕਾਰੀਆਂ ਨਾਲ 4 ਜੁਲਾਈ ਨੂੰ ਡੀ. ਸੀ. ਦਫ਼ਤਰ ਵਿਖੇ 3 ਧਿਰੀ ਮੀਟਿੰਗ ਹੋਈ ਸੀ। ਇਸ 3 ਧਿਰੀ ਮੀਟਿੰਗ ’ਚ ਕਿਸਾਨਾਂ ਦੇ ਮਿੱਲਾਂ ਵੱਲ ਖਡ਼੍ਹੇ ਬਕਾਏ ਅਦਾ ਕਰਨ, ਖੰਡ ਮਿੱਲਾਂ ਵੱਲੋਂ ਆਪੋ-ਆਪਣੇ ਖੇਤਰ ’ਚ ਦਰਮਿਆਨੇ ਪੱਧਰ ਤੱਕ ਗੰਨਾ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਬਾਂਡ ਪਹਿਲੇ ਦੇ ਆਧਾਰ ’ਤੇ ਭਰਨ, ਪਨਿਆਡ਼ ਅਤੇ ਬਟਾਲਾ ਖੰਡ ਮਿੱਲਾਂ ਦਾ ਆਧੁਨੀਕਰਨ ਕਰ ਕੇ ਇਨ੍ਹਾਂ ਦੀ ਸਮਰੱਥਾ ਵਧਾਉਣ ਤੋਂ ਇਲਾਵਾ ਹੋਰ ਮੁੱਖ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਕਰਨ ਦਾ ਫੈਸਲਾ ਹੋਇਆ ਸੀ ਪਰ ਇਹ ਫੈਸਲੇ ਅਜੇ ਤੱਕ ਲਾਗੂ ਨਹੀਂ ਕੀਤੇ ਗਏ, ਜਿਸ ਕਰ ਕੇ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਜ਼ਿਲੇ ਭਰ ’ਚ ਪਿੰਡਾਂ ਅੰਦਰ ਗੰਨਾ ਕਾਸ਼ਤਕਾਰ ਕਿਸਾਨਾਂ ਦੀਆਂ ਮੀਟਿੰਗਾਂ, ਰੈਲੀਆਂ ਕਰ ਕੇ ਉਨ੍ਹਾਂ ਨੂੰ 21 ਅਗਸਤ ਦੇ ਰੋਸ ਧਰਨੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਧਰਨੇ ਦੇ ਬਾਵਜੂਦ ਮਸਲੇ ਹੱਲ ਨਾ ਹੋਏ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਭੁੱਕੀ ਸਣੇ 2 ਕਾਬੂ
NEXT STORY