ਚੰਡੀਗੜ੍ਹ,(ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਵਿਚ ਕੋਵਿਡ-19 ਨੂੰ ਪੂਰੀ ਤਰ੍ਹਾਂ ਰੋਕਣ ਵਿਚ ਅਸਫ਼ਲ ਰਹਿਣ ਲਈ ਅਮਰਿੰਦਰ ਸਿੰਘ ਸਰਕਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਮੌਤ ਦਰ ਅਤੇ ਅਵਿਵਸਥਾ ਦੇ ਨਾਲ ਮੁੱਖ ਮੰਤਰੀ ਨੇ ਰਾਜ ’ਤੇ ਸ਼ਾਸਨ ਕਰਨ ਦਾ ਆਪਣਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਵਿਚ ਟੀਕਾਕਰਣ ਅਭਿਆਨ ਪੂਰੀ ਤਰ੍ਹਾਂ ਫ਼ੇਲ ਹੋ ਗਿਆ ਹੈ, ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਟੀਕਾਕਰਣ ਬਾਰੇ ਜਾਗਰੂਕ ਨਹੀਂ ਕਰਵਾ ਪਾ ਰਹੇ ਹਨ। ਚੁੱਘ ਨੇ ਕਿਹਾ ਪੰਜਾਬ ਵੈਕਸੀਨ ਦੀ ਉਚਿਤ ਸਪਲਾਈ ਨੂੰ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਰਾਜ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਅਮਰਿੰਦਰ ਸਰਕਾਰ ਵਿਚ ਵਧਦੇ ਅੰਦਰੂਨੀ ਕਲੇਸ਼ ਨੂੰ ਵੇਖਦਿਆਂ ਰਾਜ ਵਿਚ ਸ਼ਾਸ਼ਨ ਵਿਵਸਥਾ ਚਰਮਰਾ ਗਈ ਹੈ, ਜਿਸ ਦੇ ਨਤੀਜੇ ਵਜੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮਹਾਮਾਰੀ ਦੀ ਗੰਭੀਰ ਸਮੱਸਿਆ ਨੂੰ ਦੂਰ ਕਰਨ ਦੇ ਬਜਾਏ ਆਪਣੇ ਰਾਜਨੀਤਕ ਸਕੋਰ ਨੂੰ ਨਿਪਟਾਉਣ ਵਿਚ ਜ਼ਿਆਦਾ ਲੱਗੇ ਹੋਏ ਹਨ। ਅਜਿਹੇ ਹਾਲਾਤ ਵਿਚ ਜਦੋਂ ਮੁੱਖ ਮੰਤਰੀ ਨੂੰ ਆਪਣੇ ਝੁੰਡ ਨੂੰ ਇਕੱਠੇ ਰੱਖਣ ਦੀ ਜ਼ਿਆਦਾ ਚਿੰਤਾ ਹੈ, ਉਹ ਕੋਵਿਡ ਮਰੀਜ਼ਾਂ ਦੀ ਕਿੰਨੀ ਦੇਖਭਾਲ ਕਰ ਸਕਦੇ ਹਨ?
ਚੁੱਘ ਨੇ ਪ੍ਰਦੇਸ਼ ਵਿਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਮਾਫੀਆਵਾਂ ਦੀ ਮਿਲੀਭਗਤ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਖੇਮਕਰਣ ਕੋਲ ਦਿਆਲਪੁਰਾ ਵਿਚ ਗ਼ੈਰਕਾਨੂੰਨੀ ਸ਼ਰਾਬ ਦੀ ਬਰਾਮਦਗੀ ਵਿਚ ਸੱਤਾਧਾਰੀ ਕਾਂਗਰਸ ਦੇ ਨੇਤਾਵਾਂ ਦੀਆਂ ਮਾਫੀਆਵਾਂ ਦੇ ਸੰਚਾਲਨ ਵਿਚ ਸ਼ਮੂਲੀਅਤ ਸਪੱਸ਼ਟ ਤੌਰ ’ਤੇ ਪ੍ਰਦਰਸ਼ਿਤ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਅਤੇ ਉਸ ਦੇ ਵਰਕਰ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਵਹਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 208 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
NEXT STORY