ਜਲੰਧਰ (ਅਮਿਤ)— ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਵੇਗੀ। ਇਸ ਸਮਾਗਮ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਲਈ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਮਾਗਮ ਲਈ ਨਿਰ-ਵਿਘਨ ਅਵਾਜਾਈ, ਵ੍ਹੀਕਲਾਂ ਦੀ ਪਾਰਕਿੰਗ, ਉਘੀਆਂ ਸ਼ਖਸੀਅਤਾਂ ਦੀ ਸੁਰੱਖਿਆ ਅਤੇ ਸਮਾਗਮ ਸਬੰਧੀ ਹੋਰ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਸਟਾਫ ਵੱਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਕਿਹਾ ਕਿ ਉਹ ਖੁਦ ਇਸ ਸਮਾਗਮ ਸਬੰਧੀ ਦਿਨ-ਬ-ਦਿਨ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਾਗਮ ਵਾਲੇ ਸਥਾਨ ਨੂੰ ਜਾਂਦੀਆਂ ਸੜਕਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ, ਸਵਾਗਤੀ ਗੇਟ ਲਗਾਉਣ ਤੇ ਸਜਾਵਟ, ਸੜਕਾਂ 'ਤੇ ਪਾਣੀ ਦਾ ਛਿੜਕਾਓ ਕਰਨ ਅਤੇ ਲੋਕਾਂ ਲਈ ਆਰਜ਼ੀ ਅਤੇ ਮੋਬਾਇਲ ਪਖਾਨਿਆਂ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਭੁਪਿੰਦਰਪਾਲ ਸਿੰਘ ਅਤੇ ਜਸਬੀਰ ਸਿੰਘ, ਜ਼ਿਲਾ ਮਾਲ ਅਫਸਰ ਪੀ. ਐੱਸ. ਸਹੋਤਾ, ਡਿਪਟੀ ਕਮਿਸ਼ਨਰ ਪੁਲਸ ਗੁਰਮੀਤ ਸਿੰਘ, ਐੱਸ. ਪੀ. ਆਰ. ਐੱਸ. ਚੀਮਾ, ਸਬ-ਡਿਵੀਜ਼ਨਲ ਮੈਜਿਸਟਰੇਟ ਪਰਮਵੀਰ ਸਿੰਘ, ਵਰਿੰਦਰਪਾਲ ਸਿੰਘ ਬਾਜਵਾ, ਰਾਜੀਵ ਵਰਮਾ, ਸਹਾਇਕ ਕਮਿਸ਼ਨਰ ਆਫ ਪੁਲਸ ਐੱਚ. ਐੱਸ. ਭੱਲਾ, ਸਹਾਇਕ ਕਮਿਸ਼ਨਰ ਡਾ. ਦੀਪਕ ਭਾਟੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਦਾਜ ਦੇ ਮਾਮਲੇ 'ਚ ਜੁਰਮ ਸਾਬਤ ਨਾ ਹੋਣ 'ਤੇ ਪਤੀ, ਸੱਸ ਅਤੇ ਨਨਾਣ ਬਰੀ
NEXT STORY