ਜਲੰਧਰ(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਐੈੱਸ. ਪੀ. ਦਲਜੀਤ ਢਿੱਲੋਂ ਸਣੇ ਪੰਜਾਬ ਪੁਲਸ ਦੇ 2 ਅਧਿਕਾਰੀਆਂ ਨੂੰ ਇਕ ਔਰਤ ਨੂੰ ਨਸ਼ਾ ਦੇਣ ਦੇ ਮਾਮਲੇ ਵਿਚ ਸਰਕਾਰੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਡੀ. ਜੀ. ਪੀ. ਅਰੋੜਾ ਨੇ ਢਿੱਲੋਂ ਨੂੰ ਸਸਪੈਂਡ ਕਰ ਦਿੱਤਾ ਸੀ। ਦਲਜੀਤ ਸਿੰਘ ਢਿੱਲੋਂ ਉਸ ਸਮੇਂ ਡੀ. ਐੱਸ. ਪੀ. ਫਿਰੋਜ਼ਪੁਰ ਵਜੋਂ ਤਾਇਨਾਤ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਾਰਤੀ ਸੰਵਿਧਾਨ ਦੀ ਧਾਰਾ 311 ਦੇ ਕਲਾਜ਼ (2) ਦੇ ਤਹਿਤ ਡੀ. ਐੱਸ. ਪੀ. ਅਤੇ ਹੋਰ ਨੂੰ ਡਿਸਮਿਸ ਕਰਨ ਦਾ ਸਖ਼ਤ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਜਲੰਧਰ ਪੁਲਸ ਦੇ ਕਮਿਸ਼ਨਰ ਨੇ ਪੰਜਾਬ ਪੁਲਸ ਰੂਲਜ਼ 1934 ਦੇ ਰੂਲ 16.1 ਦੇ ਤਹਿਤ ਸੇਵਾ ਤੋਂ ਡਿਸਮਿਸ ਕਰ ਦਿੱਤਾ ਹੈ। ਇੰਦਰਜੀਤ ਸਿੰਘ ਨੂੰ ਸਤੰਬਰ 2017 ਵਿਚ ਡਿਊਟੀ ਤੋਂ ਸਸਪੈਂਡ ਕੀਤਾ ਗਿਆ ਸੀ। ਉਸ ਦੇ ਖਿਲਾਫ ਵੀ ਔਰਤ ਨੇ ਅਜਿਹੇ ਹੀ ਦੋਸ਼ ਲਾਏ ਸਨ। ਡੀ. ਐੱਸ. ਪੀ. ਢਿੱਲੋਂ ਨੂੰ ਡਿਸਮਿਸ ਕਰਨ ਦੇ ਹੁਕਮ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਮੁੱਖ ਮੰਤਰੀ ਵਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਖਿਲਾਫ ਮੁੱਖ ਮੰਤਰੀ ਨੇ ਇਕ ਜਾਂਚ ਟੀਮ ਦਾ ਗਠਨ ਕੀਤਾ ਸੀ, ਜਿਸ ਦੀ ਅਗਵਾਈ ਪੰਜਾਬ ਪੁਲਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਕਰ ਰਹੀ ਸੀ। ਉਨ੍ਹਾਂ ਪੀੜਤ ਲੜਕੀ ਦੇ ਬਿਆਨ ਲਏ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਡੀ. ਐੱਸ. ਪੀ. ਢਿੱਲੋਂ ਨੈਤਿਕ ਤੌਰ 'ਤੇ ਭ੍ਰਿਸ਼ਟ ਸਰਗਰਮੀਆਂ ਵਿਚ ਪਹਿਲਾਂ ਵੀ ਤਰਨਤਾਰਨ ਵਿਚ ਕੰਮ ਕਰਦੇ ਸਮੇਂ ਸ਼ਾਮਲ ਰਹੇ ਹਨ। ਉਨ੍ਹਾਂ ਆਪਣੀ ਅਧਿਕਾਰਤ ਸਥਿਤੀ ਦੀ ਵੀ ਦੁਰਵਰਤੋਂ ਕੀਤੀ। ਉਨ੍ਹਾਂ 'ਤੇ ਲੜਕੀ ਨੇ ਯੌਨ ਸ਼ੋਸ਼ਣ ਅਤੇ ਫਿਰ ਨਸ਼ੇ ਦੀ ਦਲਦਲ ਵਿਚ ਧੱਕਣ ਦੇ ਦੋਸ਼ ਲਾਏ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲੰਧਰ ਦੀ ਲੜਕੀ ਨੇ ਇੰਦਰਜੀਤ ਦੇ ਖਿਲਾਫ ਸਤੰਬਰ 2017 ਵਿਚ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀ। ਲੜਕੀ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਸੀ, ਜਿਸ ਕਾਰਨ ਪੰਜਾਬ ਪੁਲਸ ਨੂੰ ਇਸ ਮਾਮਲੇ ਨੂੰ ਅੰਤਿਮ ਨਤੀਜੇ ਤੱਕ ਪਹੁੰਚਣ ਵਿਚ ਸਮਾਂ ਲੱਗਾ। ਬੁਲਾਰੇ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦਾ ਮੰਨਣਾ ਸੀ ਕਿ ਮੌਜੂਦਾ ਹਾਲਾਤ ਵਿਚ ਇੰਦਰਜੀਤ ਬੈਲਟ ਨੰਬਰ 2159/ਜਲੰਧਰ ਦੇ ਖਿਲਾਫ ਵਿਭਾਗੀ ਕਾਰਵਾਈ ਕਰਨਾ ਵਿਵਹਾਰਿਕ ਤੌਰ 'ਤੇ ਸੰਭਵ ਨਹੀਂ ਹੈ। ਜਲੰਧਰ ਦੀ ਲੜਕੀ ਨੇ ਇੰਦਰਜੀਤ ਦੇ ਖਿਲਾਫ 4 ਵਾਰ ਗੰਭੀਰ ਦੋਸ਼ ਲਾਏ ਸਨ ਪਰ ਵਾਰ-ਵਾਰ ਸਮਝੌਤਾ ਹੋਣ ਦੀਆਂ ਗੱਲਾਂ ਕਹਿ ਕੇ ਜਾਂਚ ਪ੍ਰਭਾਵਿਤ ਹੁੰਦੀ ਰਹੀ। 30 ਅਗਸਤ 2017 ਨੂੰ ਸਬੰਧਤ ਲੜਕੀ ਅਤੇ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਵਿਚ ਲੜਕੀ ਨੇ ਹੈੱਡ ਕਾਂਸਟੇਬਲ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੈੱਡ ਕਾਂਸਟੇਬਲ ਨੇ ਆਪਣੇ ਬਚਾਅ ਲਈ ਹੀ ਉਸ ਨਾਲ ਵਿਆਹ ਕੀਤਾ ਹੈ ਅਤੇ ਬਾਅਦ ਵਿਚ ਉਸ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਦਿੱਤਾ। ਇਨ੍ਹਾਂ ਦੋਸ਼ਾਂ ਨੂੰ ਵੇਖਦਿਆਂ 4 ਸਤੰਬਰ 2017 ਨੂੰ ਇੰਦਰਜੀਤ ਸਿੰਘ ਨੂੰ ਸਸਪੈਂਡ ਕਰਦਿਆਂ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ। ਜਾਂਚ ਦਾ ਕੰਮ ਏ. ਡੀ. ਸੀ. ਪੀ. ਸਿਟੀ 2 ਸੂਡਰਵਿਜ਼ੀ ਨੇ ਨੇਪਰੇ ਚਾੜ੍ਹਿਆ।
ਸਿਟਕੋ ਆਪਣੇ ਹੋਟਲਾਂ 'ਚ ਟ੍ਰੇਨਿੰਗ ਸੰਸਥਾਵਾਂ ਨੂੰ ਦੇਵੇਗਾ ਛੋਟ
NEXT STORY