ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖ ਕੇ ਪਰਵਾਸੀ ਮਜ਼ਦੂਰਾਂ ਅਤੇ ਸੂਬੇ ਦੇ ਗਰੀਬ ਨਾਨ-ਐਨ. ਐਫ. ਐਸ. ਏ. (ਕੌਮੀ ਖੁਰਾਕ ਸੁਰੱਖਿਆ ਐਕਟ) ਨਾਗਰਿਕਾਂ ਨੂੰ ਵੰਡਣ ਵਾਸਤੇ 2 ਮਹੀਨੇ ਲਈ ਵਾਧੂ 14144 ਮੀਟ੍ਰਿਕ ਟਨ ਕਣਕ ਅਤੇ 1414 ਮੀਟਰਕ ਟਨ ਦਾਲਾਂ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉਦਯੋਗਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਪੁਨਰ ਸੁਰਜੀਤ ਕਰਨ ਤੋਂ ਇਲਾਵਾ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਕੰਮ 'ਤੇ ਪਰਤਣ ਲਈ ਉਤਸ਼ਾਹਿਤ ਕਰਨ ਵਾਸਤੇ ਵਧੇਰੇ ਸਹਾਈ ਸਿੱਧ ਹੋਵੇਗਾ।
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਵੱਲੋਂ ਇਹ ਉਪਰਾਲਾ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ ਕੁੱਝ ਮਹੀਨਿਆਂ ਤੋਂ ਤਨਖ਼ਾਹਾਂ/ਮਜ਼ਦੂਰੀ ਦੇ ਹੋਏ ਨੁਕਸਾਨ ਕਰਕੇ ਪ੍ਰਵਾਸੀਆਂ ਅਤੇ ਗਰੀਬ ਨਾਨ-ਐਨ. ਐਫ. ਐਸ. ਏ. ਨਾਗਰਿਕਾਂ ਨੂੰ ਬੁਰੀ ਤਰ੍ਹਾਂ ਸੱਟ ਵੱਜੀ ਹੈ। ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਨੇ ਆਤਮ ਨਿਰਭਰ ਭਾਰਤ ਯੋਜਨਾ ਦੇ ਤਹਿਤ ਪ੍ਰਵਾਸੀਆਂ ਅਤੇ ਨਾਨ-ਐਨ. ਐਫ. ਐਸ. ਏ. ਲਾਭਪਾਤਰੀਆਂ ਨੂੰ ਵੰਡਣ ਲਈ 14,144 ਮੀਟ੍ਰਿਕ ਟਨ ਕਣਕ ਅਤੇ 1015 ਮੀਟਰਕ ਟਨ ਦਾਲਾਂ ਰੱਖੀਆਂ ਸਨ। ਸੂਬੇ 'ਚ ਇਨ੍ਹਾਂ ਸਟਾਕਾਂ ਦੀ ਵੰਡ ਜਾਰੀ ਹੈ ਅਤੇ ਅਗਲੇ 10-15 ਦਿਨਾਂ 'ਚ ਪੂਰਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਨਾਨ-ਐਨ. ਐਫ. ਐਸ. ਏ. ਲਾਭਪਾਤਰੀਆਂ ਨੂੰ ਹੁਣ ਤੱਕ 10 ਕਿੱਲੋ ਆਟਾ, 2 ਕਿੱਲੋ ਦਾਲ ਅਤੇ 2 ਕਿੱਲੋ ਚੀਨੀ ਵਾਲੇ 14 ਲੱਖ ਤੋਂ ਵੱਧ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਜਾ ਚੁੱਕੇ ਹਨ।
ਭਾਰਤ ਸਰਕਾਰ ਨੇ ਪ੍ਰਤੀ ਵਿਅਕਤੀ ਸਿਰਫ 10 ਕਿੱਲੋ ਕਣਕ ਅਤੇ ਲਗਭਗ 500 ਗ੍ਰਾਮ ਦਾਲ ਦਿੱਤੀ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਗਰੀਬ ਪ੍ਰਵਾਸੀਆਂ ਵੱਲੋਂ ਆਸਾਨੀ ਨਾਲ ਖ਼ਪਤ ਵਾਸਤੇ ਇਸ ਕਣਕ ਨੂੰ ਆਟੇ 'ਚ ਬਦਲਣ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ, ਦਾਲ ਦੀ ਮਾਤਰਾ ਜੋ ਕਾਫ਼ੀ ਘੱਟ ਸੀ, ਨੂੰ 500 ਗ੍ਰਾਮ ਤੋਂ ਵਧਾ ਕੇ 2 ਕਿੱਲੋ ਕੀਤਾ ਗਿਆ ਅਤੇ ਚੀਨੀ ਦੀ ਮਾਤਰਾ 'ਚ ਵਾਧਾ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਚੱਲ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਖੇਤ ਮਜ਼ਦੂਰੀ ਦੇ ਕੰਮ ਲਈ ਮੁੜ ਪੰਜਾਬ ਪਰਤ ਰਹੇ ਹਨ। ਇਸ ਤੋਂ ਇਲਾਵਾ, ਉਦਯੋਗਿਕ ਗਤੀਵਿਧੀਆਂ ਦੀ ਸਥਿਤੀ ਵੀ ਕਾਫ਼ੀ ਹੱਦ ਤੱਕ ਆਮ ਵਾਂਗ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ 'ਚ ਸਥਿਤ 2.60 ਲੱਖ ਉਦਯੋਗਿਕ ਇਕਾਈਆਂ 'ਚੋਂ 2.32 ਲੱਖ ਤੋਂ ਵੱਧ ਨੇ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੂਨਿਟਾਂ 'ਚ ਲਗਭਗ 13.5 ਲੱਖ ਕਾਮੇ ਕੰਮ ਕਰ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ।
ਜੰਗਲਾਤ ਮੰਤਰੀ ਵੱਲੋਂ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ 'ਚ ਤੇਜੀ ਲਿਆਉਣ ਦੇ ਹੁਕਮ
NEXT STORY