ਚੰਡੀਗੜ੍ਹ (ਅੰਕੁਰ) : ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ ਛੇੜ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਭਾਵੇਂ ਇਸ ਵੇਲੇ ਭਾਜਪਾ ’ਚ ਹਨ ਪਰ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਭਾਜਪਾ ਅੰਦਰ ਵੀ ਖ਼ੁ਼ਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚ ਬਹੁਤ ਨਿਯਮ ਹਨ। ਹਾਈਕਮਾਂਡ ਨਾਲ ਮਿਲਣਾ ਵੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ’ਚ ਆਉਣ ਤੋਂ ਬਾਅਦ ਸ਼ਾਇਦ ਇਕ-ਅੱਧ ਵਾਰ ਹੀ ਹਾਈਕਮਾਂਡ ਨੂੰ ਮਿਲਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਕਾਂਗਰਸ ਵਾਲੇ ਦਿਨ ਯਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ ਪਰ ਕੋਈ ਵੀ ਉਨ੍ਹਾਂ ਨਾਲ ਇਹ ਸਲਾਹ ਨਹੀਂ ਕਰਦਾ ਕਿ ਕੌਣ, ਕਿੱਥੋਂ ਚੋਣ ਲੜ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਖ਼ਰੀਦਣ ਲਈ ਨਵੀਆਂ ਗਾਈਡਲਾਈਨਜ਼ ਜਾਰੀ! ਪੈੱਗ ਲਾਉਣ ਦੇ ਸ਼ੌਕੀਨ ਦੇਣ ਧਿਆਨ
ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਨਕਾਰਿਆ
ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡਾ. ਨਵਜੋਤ ਸਿੰਘ ਸਿੱਧੂ ਅਤੇ ਡਾ. ਨਵਜੋਤ ਕੌਰ ਸਿੱਧੂ ਦੋਹਾਂ ਨੂੰ ਅਸਥਿਰ ਮਨ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਇਹ ਦੋਵੇਂ ਕਦੇ ਇਕ ਗੱਲ ਕਹਿੰਦੇ ਹਨ ਅਤੇ ਕਦੇ ਦੂਜੀ। ਇਨ੍ਹਾਂ ਦਾ ਕੋਈ ਸਿਆਸੀ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਬਣਾਉਣ ਲਈ ਅਟੈਚੀਆਂ ਨਹੀਂ ਚੱਲਦੀਆਂ ਅਤੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਬਿਨਾਂ ਤੱਥਾਂ ਤੋਂ ਫੈਲਾਉਣਾ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਾਰਾਨਾ ਹੈ। ਕਾਂਗਰਸ ਵੱਲੋਂ ਇਸ ਮਾਮਲੇ ਨੂੰ ਠੰਡਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੈਪਟਨ ਦੇ ਸਿੱਧੇ ਤੇ ਤਿੱਖੇ ਬਿਆਨਾਂ ਨੇ ਸਿਆਸੀ ਪਾਰਾ ਹੋਰ ਚੜ੍ਹਾ ਦਿੱਤਾ ਹੈ। ਕੈਪਟਨ ਨੇ ਨਾ ਸਿਰਫ਼ ਸਿੱਧੂ ਜੋੜੇ ’ਤੇ ਹਮਲਾ ਕੀਤਾ, ਸਗੋਂ ਭਾਜਪਾ ਦੀਆਂ ਅੰਦਰੂਨੀ ਗੱਲਾਂ, ਅਕਾਲੀ ਦਲ ਨਾਲ ਸੰਭਾਵੀ ਗਠਜੋੜ ਅਤੇ ਕਾਂਗਰਸ ਦੇ ਅੰਦਰੂਨੀ ਟਕਰਾਅ ਬਾਰੇ ਵੀ ਵੱਡੇ ਇਸ਼ਾਰੇ ਕੀਤੇ। ਕੈਪਟਨ ਨੇ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਹੁਣ ਉਨ੍ਹਾਂ ’ਤੇ ਵੀ ਦੋਸ਼ ਲਾ ਰਹੇ ਹਨ ਕਿ ਉਹ ਟਰੱਕਾਂ ’ਚ ਖ਼ਜ਼ਾਨਾ ਭਰ ਕੇ ਬਾਹਰ ਭੇਜ ਦਿੰਦੇ ਸਨ। ਇਸ ’ਤੇ ਕੈਪਟਨ ਨੇ ਸਵਾਲ ਚੁੱਕਿਆ ਕਿ ਕੀ ਉਹ ਕਦੇ ਮੌਜੂਦ ਸੀ? ਕੀ ਉਸ ਨੇ ਕੁੱਝ ਦੇਖਿਆ? ਸਿਰਫ਼ ਦੋਸ਼ ਲਾਉਣ ਲਈ ਦੋਸ਼ ਲਾਉਣਾ ਸਭ ਤੋਂ ਵੱਡੀ ਬੇਈਮਾਨੀ ਹੈ। 2027 ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਦਾ ਅਕਾਲੀਆਂ ਤੋਂ ਬਿਨਾਂ ਕੋਈ ਵਜੂਦ ਨਹੀਂ। ਜੇਕਰ ਭਾਜਪਾ ਇਕੱਲੀ ਚੋਣ ਲੜੇਗੀ ਤਾਂ ਗੱਲ ਨਹੀਂ ਬਣੇਗੀ। ਇਹ ਸੱਚਾਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, 9 ਜ਼ਿਲ੍ਹਿਆਂ 'ਚ ਚਿਤਾਵਨੀ ਜਾਰੀ
ਸੁਖਬੀਰ ਬਾਦਲ ਜਿੱਥੇ ਖੜ੍ਹ ਜਾਣ, ਖੜ੍ਹੇ ਰਹਿੰਦੇ ਨੇ
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਹਮੇਸ਼ਾ ਤਿੱਖੀ ਅਣਬਣ ਰਹੀ ਹੈ ਪਰ ਸੁਖਬੀਰ ਸਿੰਘ ਬਾਦਲ ਬਾਰੇ ਉਨ੍ਹਾਂ ਕਿਹਾ ਕਿ ਉਹ ਜਿੱਥੇ ਖੜ੍ਹਦੇ ਹਨ, ਖੜ੍ਹੇ ਰਹਿੰਦੇ ਹਨ। ਉਹ ਇਕ ਸਥਿਰ ਤੇ ਮਜ਼ਬੂਤ ਮੁੱਖ ਮੰਤਰੀ ਵਾਂਗ ਲੱਗਦੇ ਹਨ।
ਇਕ-ਦੂਜੇ ਨੂੰ ਖ਼ਤਮ ਕਰਨ ’ਚ ਲੱਗੇ ਕਾਂਗਰਸੀ
ਕਾਂਗਰਸ ਬਾਰੇ ਕੈਪਟਨ ਨੇ ਕਿਹਾ ਕਿ ਪਾਰਟੀ ਇਸ ਵੇਲੇ 8–9 ਮੁੱਖ ਮੰਤਰੀਆਂ ਵਾਲੀ ਸਥਿਤੀ ’ਚ ਹੈ, ਜਿੱਥੇ ਹਰ ਕੋਈ ਦੂਜੇ ਨੂੰ ਖ਼ਤਮ ਕਰਨ ’ਚ ਲੱਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਕਈ ਦਾਗ਼ੀ ਵਿਧਾਇਕਾਂ ਦੀ ਸੂਚੀ ਹਾਈਕਮਾਂਡ ਨੂੰ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋ-ਸੋਲਰ ਪ੍ਰਾਜੈਕਟ ਨੂੰ ਕਾਮਨ ਸਰਵਿਸ ਸੈਂਟਰ ਨਾਲ ਜੋੜਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਹੁਸ਼ਿਆਰਪੁਰ
NEXT STORY